ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੀ ਸਾਂਝ ''ਮੇਸੂ ਦੀ ਮਿਠਾਈ''

11/10/2019 5:31:54 PM

ਡੇਰਾ ਬਾਬਾ ਨਾਨਕ - ਨਾਰੋਵਾਲ ਤੋਂ ਲਾਸਾਨੀ ਸਵੀਟਸ ਦੇ ਹਲਵਾਈ ਅੱਲ੍ਹਾ ਰੱਖਾ ਅਤੇ ਡੇਰਾ ਬਾਬਾ ਨਾਨਕ ਤੋਂ ਹਲਵਾਈ ਵਿਜੇ ਸਿੰਘ ਦੱਸਦੇ ਹਨ ਕਿ ਡੇਰਾ ਬਾਬਾ ਨਾਨਕ ਆਓ ਜਾਂ ਕਰਤਾਰਪੁਰ ਸਾਹਿਬ ਜਾਓ ਇੱਥੇ ਮੇਸੂ ਦੀ ਮਿਠਾਈ ਬੜੇ ਚਾਅ ਨਾਲ ਖਾਧੀ ਜਾਂਦੀ ਹੈ । ਦੋਵਾਂ ਥਾਵਾਂ ਦੇ ਹਲਵਾਈ ਹੱਸਦੇ ਹੋਏ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਹੋ ਤਾਂ ਬਤੌਰ ਯਾਦਗਾਰ ਇਹ ਮਿਠਾਈ ਖਾ ਕੇ ਜ਼ਰੂਰ ਜਾਣਾ, ਕਿਉਂਕਿ ਇਹ ਮਿਠਾਈ ਸਿਰਫ ਉਚੇਚੇ ਤੌਰ 'ਤੇ ਇੱਥੇ ਹੀ ਬਣਦੀ ਹੈ। ਇਹ ਆਮ ਸ਼ਹਿਰਾਂ 'ਚ ਸ਼ਾਇਦ ਹੀ ਤੁਹਾਨੂੰ ਮਿਲ ਸਕਦੀ ਹੈ।

ਦੋ ਯਾਦਾਂ ਦੇ ਹਵਾਲੇ ਸਾਂਝੀਵਾਲਤਾ
ਮੱਦੀ ਸ਼ਾਹ ਦੀ ਦਰਗਾਹ ਤੋਂ ਇਕ ਮਣ ਕੜਾਹ ਪ੍ਰਸ਼ਾਦ ਦੀ ਦੇਗ ਹਰ ਸੰਗਰਾਂਦ
ਕਥਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜੋਤੀ ਜੋਤ ਸਮਾਏ ਉਸ ਸਮੇਂ ਹਿੰਦੂ ਸਿੱਖਾਂ ਨੇ ਉਨ੍ਹਾਂ ਦੀ ਸਮਾਧ ਬਣਾ ਦਿੱਤੀ ਅਤੇ ਮੁਸਲਮਾਨਾਂ ਨੇ ਉਨ੍ਹਾਂ ਦੀ ਕਬਰ ਬਣਾ ਦਿੱਤੀ। ਪਰ ਗੁਰੂ ਨਾਨਕ ਦੇਵ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਦੀ ਚਾਦਰ ਥੱਲੇ ਸਿਰਫ਼ ਮਹਿਕਦੇ ਫੁੱਲ ਬਾਕੀ ਸਨ। ਖੈਰ ਇਸ ਮੁਹੱਬਤੀ ਸਾਂਝ ਵਿੱਚੋਂ ਕਰਤਾਰਪੁਰ ਸਾਹਿਬ ਦੇ ਨੇੜੇ ਮੱਦੀ ਸ਼ਾਹ ਜਾਂ ਮਹਿੰਦੀ ਸ਼ਾਹ ਦੀ ਦਰਗਾਹ ਤੋਂ ਹਰ ਸੰਗਰਾਂਦ ਇੱਕ ਮਣ (40 ਕਿੱਲੋ) ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਸੀ ਅਤੇ ਹਰ ਸੰਗਰਾਂਦ ਕਰਤਾਰਪੁਰ ਸਾਹਿਬ ਵਿਖੇ ਵਰਤਾਈ ਜਾਂਦੀ ਸੀ। ਇਹ ਹੁਣ ਪਰੰਪਰਾ ਵਿੱਚ ਨਹੀਂ ਹੈ।

ਬਟਾਲੇ ਦੇ ਤਾਰਾਗੜ੍ਹ ਤੋਂ ਮੁਸਲਮਾਨ ਫੌਜੀ
1947 ਦੀ ਵੰਡ ਤੋਂ ਬਾਅਦ ਬਟਾਲੇ ਦੇ ਤਾਰਾਗੜ੍ਹ ਤੋਂ ਮੁਸਲਮਾਨ ਪਰਿਵਾਰ ਲਹਿੰਦੇ ਪੰਜਾਬ 'ਚ ਚਲਾ ਗਿਆ। ਇਸ ਪਰਿਵਾਰ 'ਚੋਂ ਇਕ ਮੁੰਡਾ ਪਾਕਿਸਤਾਨ ਦੀ ਫ਼ੌਜ 'ਚ ਭਰਤੀ ਹੋ ਗਿਆ। ਕਹਿੰਦੇ ਹਨ ਕਿ ਇਹ ਮੁੰਡਾ 1956 'ਚ ਫ਼ੌਜ ਛੱਡ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਗਿਆ ਅਤੇ 1966 ਤੱਕ ਇੱਥੇ ਰਹਿ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਰਿਹਾ। ਫਿਲਹਾਲ ਇਹ ਮੁਸਲਮਾਨ ਵੀਰ ਕਿੱਥੇ ਗਿਆ? ਇਹਦਾ ਕਦੀ ਪਤਾ ਨਹੀਂ ਲੱਗਾ।

ਹਰਪ੍ਰੀਤ ਸਿੰਘ ਕਾਹਲੋਂ


rajwinder kaur

Content Editor

Related News