ਕਰਤਾਰਪੁਰ ਲਾਂਘੇ ਦੇ ਚੱਲ ਰਹੇ ਵਿਕਾਸ ਕੰਮਾਂ ਦਾ ਮੁੱਖ ਸਕੱਤਰ ਨੇ ਲਿਆ ਜਾਇਜ਼ਾ

Tuesday, Jun 18, 2019 - 10:50 AM (IST)

ਕਰਤਾਰਪੁਰ ਲਾਂਘੇ ਦੇ ਚੱਲ ਰਹੇ ਵਿਕਾਸ ਕੰਮਾਂ ਦਾ ਮੁੱਖ ਸਕੱਤਰ ਨੇ ਲਿਆ ਜਾਇਜ਼ਾ

ਗੁਰਦਾਸਪੁਰ/ਡੇਰਾ ਬਾਬਾ ਨਾਨਕ (ਵਿਨੋਦ, ਕੰਵਲਜੀਤ ਸਿੰਘ) - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤੇ ਗੁ. ਕਰਤਾਰਪੁਰ ਲਾਂਘੇ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਵਤਾਰ ਸਿੰਘ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਦਿਨਕਰ ਗੁਪਤਾ ਡੀ. ਜੀ. ਪੀ. ਪੰਜਾਬ ਪੁਲਸ, ਵਿੰਨੀ ਮਹਾਜਨ ਐਡੀਸ਼ਨਲ ਚੀਫ ਸੈਕਟਰੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਕੁੰਵਰ ਵਿਜੈ ਪ੍ਰਤਾਪ ਸਿੰਘ ਆਈ. ਜੀ. ਪੰਜਾਬ ਪੁਲਸ, ਵਿਪੁਲ ਉਜਵਲ ਡੀ. ਸੀ. ਗੁਰਦਾਸਪੁਰ ਤੇ ਉਪਿੰਦਰਜੀਤ ਸਿੰਘ ਘੁੰਮਣ ਐੱਸ. ਐੱਸ. ਪੀ. ਬਟਾਲਾ ਮੌਜੂਦ ਸਨ।ਉਨ੍ਹਾਂ ਭਾਰਤ-ਪਾਕਿ ਸਰਹੱਦ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ, ਉਪਰੰਤ ਉਨ੍ਹਾਂ ਬੀ. ਐੱਸ. ਐੱਫ. ਦੇ ਹੈੱਡਕੁਆਟਰ ਸ਼ਿਕਾਰ ਮਾਛੀਆਂ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।

ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਲਾਂਘੇ ਦੇ ਵਿਕਾਸ ਕੰਮ ਚੱਲ ਰਹੇ ਹਨ ਅਤੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨਵੰਬਰ 2019 ਤਕ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਵਿਕਾਸ ਕੰਮ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਤੇ ਬਟਾਲਾ ਦੇ ਵਿਕਾਸ ਕੰਮਾਂ 'ਚ ਹੋਰ ਤੇਜ਼ਗਤੀ ਲਿਆਂਦੀ ਜਾਵੇ ਤੇ ਵਿਕਾਸ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਚੱਲ ਰਹੇ ਅਤੇ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਨੇੜਲੇ 11 ਪਿੰਡਾਂ ਅੰਦਰ ਕਰੀਬ 24 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਦੇ ਐਸਟੀਮੇਟ ਤਿਆਰ ਹੋ ਗਏ ਹਨ। ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਨੂੰ ਅਪਗ੍ਰੇਡ ਕੀਤਾ ਜਾਵੇਗਾ। ਕਰੀਬ 98 ਲੱਖ ਰੁਪਏ ਦੀ ਲਾਗਤ ਨਾਲ ਸਾਲਿਡ ਵੇਸਟ ਮੈਨੇਜਮੈਂਟ ਦੇ ਕੰਮ ਕਰਵਾਏ ਜਾਣਗੇ। ਕਸਬੇ ਅੰਦਰ ਕਰੀਬ 93 ਲੱਖ ਰੁਪਏ ਦੀ ਲਾਗਤ ਨਾਲ ਐੱਲ. ਈ. ਡੀ. ਲਾਈਟਸ ਲਗਾਈਆਂ ਜਾਣਗੀਆਂ, ਜਿਸ ਸਬੰਧੀ ਇਕ ਹਫਤੇ ਅੰਦਰ ਟੈਂਡਰ ਲਗਾਏ ਜਾਣਗੇ। ਡੇਰਾ ਬਾਬਾ ਨਾਨਕ ਕਸਬੇ ਨੂੰ ਆਉਣ ਵਾਲੀਆਂ ਸੜਕਾਂ ਫਤਿਹਗੜ੍ਹ ਚੂੜੀਆਂ ਤੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਵਾਲੀਆਂ ਸੜਕਾਂ ਦੇ ਵਿਕਾਸ ਕੰਮ ਜਲਦ ਸ਼ੁਰੂ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਟਾਲਾ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ਤੇ ਖਾਸ ਕਰ ਕੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗ ਵਲੋਂ ਕੰਮ ਸ਼ੁਰੂ ਕੀਤੇ ਜਾਣ ਵਾਲੇ ਹਨ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਮਨ ਕੋਛੜ ਐੱਸ. ਡੀ. ਐੱਮ. ਦੀਨਾਨਗਰ-ਕਮ-ਸਹਾਇਕ ਕਮਿਸ਼ਨਰ (ਜ), ਗੁਰਸਿਮਰਨ ਸਿੰਘ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਆਦਿ ਹਾਜ਼ਰ ਸਨ।


author

rajwinder kaur

Content Editor

Related News