ਡੇਰਾ ਬਾਬਾ ਨਾਨਕ ਤੋਂ 4 ਕਿਲੋਮੀਟਰ ਤੱਕ ਬਣੇਗਾ ਕਰਤਾਰਪੁਰ ਲਾਂਘਾ

Friday, Dec 14, 2018 - 11:07 AM (IST)

ਡੇਰਾ ਬਾਬਾ ਨਾਨਕ ਤੋਂ 4 ਕਿਲੋਮੀਟਰ ਤੱਕ ਬਣੇਗਾ ਕਰਤਾਰਪੁਰ ਲਾਂਘਾ

ਨਵੀਂ ਦਿੱਲੀ\ਗੁਰਦਾਸਪੁਰ - ਭਾਰਤ ਵਲੋਂ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਾਂਘੇ ਲਈ ਚਾਰ ਕਿਲੋਮੀਟਰ ਲੰਬੇ ਮਾਰਗ ਨੂੰ ਵਿਕਸਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਲੋਕ ਸਭਾ 'ਚ ਲਿਖਤੀ ਜਵਾਬ ਦੌਰਾਨ ਰਾਜਮਾਰਗਾਂ ਬਾਰੇ ਰਾਜ ਮੰਤਰੀ ਮਨਮੁਖ ਐਲ ਮਾਂਡਵੀਆ ਨੇ ਦਿੱਤੀ। ਇਹ ਲਾਂਘਾ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਕਰਤਾਰਪੁਰ ਦੇ ਦਰਬਾਰ ਸਾਹਿਬ ਨਾਲ ਸਿੱਧਾ ਜੁੜੇਗਾ। 

ਇਸ ਸਬੰਧੀ ਜਦੋਂ ਸ੍ਰੀ ਮਾਂਡਵੀਆ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਕੌਮੀ ਰਾਜਮਾਰਗ ਅਥਾਰਟੀ ਵਲੋਂ ਲਾਂਘੇ ਸਬੰਧੀ ਕਿਸੇ ਪ੍ਰਾਜੈਕਟ ਨੂੰ ਵਿਕਸਤ ਕਰਨ ਦੀ ਕੋਈ ਯੋਜਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਤਕ ਲਾਂਘਾ ਵਿਕਸਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਸੜਕ ਕੱਢਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 

ਦੱਸ ਦੇਈਏ ਕਿ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਲਾਂਘਾ ਬਣਾਉਣ ਦਾ ਫੈਸਲਾ 22 ਨਵੰਬਰ ਨੂੰ ਕੇਂਦਰੀ ਵਜ਼ਾਰਤ 'ਚ ਲਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਇਮਰਾਨ ਖਾਨ ਨੇ 28 ਨਵੰਬਰ ਨੂੰ ਮੁਲਕ 'ਚ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ।


author

Baljeet Kaur

Content Editor

Related News