ਪੰਜਾਬ ਸਰਕਾਰ ਨੇ ਕਰਤਾਰਪੁਰ ਕਾਰੀਡੋਰ 'ਤੇ ਸੁਰੱਖਿਆ ਪੱਖੋਂ ਪ੍ਰਪੋਜ਼ਲ ਬਣਾ ਕੇਂਦਰ ਨੂੰ ਭੇਜਿਆ

04/24/2019 4:33:56 PM

ਜਲੰਧਰ (ਮ੍ਰਿਦੁਲ)— ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਕਾਰੀਡੋਰ ਬਣਾਉਣ ਨੂੰ ਲੈ ਕੇ ਪੁਖਤਾ ਸੁਰੱਖਿਆ ਰੱਖਣ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਚਿੱਠੀ ਭੇਜੀ ਗਈ ਹੈ, ਜਿਸ 'ਚ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਸਖਤ ਸੁਰੱਖਿਆ ਦਾ ਬਲਿਊ ਪ੍ਰਿੰਟ ਤਿਆਰ ਕੀਤਾ ਗਿਆ ਹੈ। ਇਸ ਬਲਿਊ ਪ੍ਰਿੰਟ 'ਚ ਪੰਜਾਬ ਸਰਕਾਰ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਕਰਤਾਰਪੁਰ ਕਾਰੀਡੋਰ ਬਣਨ 'ਤੇ ਕੇਂਦਰ ਸਰਕਾਰ ਤੇ ਪਾਕਿਸਤਾਨ ਸਰਕਾਰ ਤੋਂ ਜੁਆਇੰਟ ਕੰਟਰੋਲ ਰੂਮ ਤੇ ਹੋਰ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਡੀ. ਜੀ. ਪੀ. ਗੁਪਤਾ ਵੱਲੋਂ ਇੰਟਲੀਜੈਂਸ ਵਿੰਗ ਨਾਲ ਮਿਲ ਕੇ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ, ਜਿਸ ਵਿਚ 23 ਥਾਵਾਂ 'ਤੇ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੀ ਮੰਗ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਮਹੀਨੇ ਡੀ. ਜੀ. ਪੀ. ਖੁਦ ਦਿੱਲੀ ਜਾ ਕੇ ਬਲਿਊ ਪ੍ਰਿੰਟ ਸਬੰਧੀ ਮੀਟਿੰਗ ਕਰ ਕੇ ਆਏ ਸਨ।
ਡੀ. ਜੀ. ਪੀ. ਆਫਿਸ ਸਥਿਤ ਇੰਟੈਲੀਜੈਂਸ ਵਿੰਗ 'ਚ ਤਾਇਨਾਤ ਸੂਤਰਾਂ ਨੇ ਦੱਸਿਆ ਕਿ ਇਹ ਕਾਫੀ ਗੁਪਤ ਪ੍ਰਪੋਜ਼ਲ ਹੈ ਕਿਉਂਕਿ ਕਰਤਾਰਪੁਰ ਕਾਰੀਡੋਰ ਬਣਨ ਦਾ ਇੰਤਜ਼ਾਰ ਕਾਫੀ ਦੇਰ ਤੋਂ ਲੋਕ ਕਰ ਰਹੇ ਹਨ। ਹੁਣ ਕਿਉਂਕਿ ਕਾਰੀਡੋਰ ਬਣਨ ਕੰਢੇ ਹੈ ਤਾਂ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਇਸ ਕਾਰੀਡੋਰ 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਹਾਲਤ 'ਚ ਲੋਕਾਂ ਦੀ ਜਾਨ ਜੋਖਮ 'ਚ ਨਾ ਪਾਈ ਜਾਵੇ। ਹੁਣ ਪੰਜਾਬ ਪੁਲਸ ਵੱਲੋਂ ਇਸ ਸਬੰਧੀ ਸਾਰਾ ਪ੍ਰਪੋਜ਼ਲ ਤਿਆਰ ਕਰ ਲਿਆ ਗਿਆ ਹੈ। ਇੰਟੈਲੀਜੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਕਰਤਾਰਪੁਰ ਕਾਰੀਡੋਰ ਦਾ ਮਾਮਲਾ ਬੇਹੱਦ ਸੰਜੀਦਾ ਹੈ, ਜਿਸ 'ਚ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਕਿਸੇ ਤਰ੍ਹਾਂ ਦੀ ਕੋਈ ਲਾਪਵਾਹੀ ਨਹੀਂ ਵਰਤਣਾ ਚਾਹੁੰਦੀ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਪੁਖਤਾ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ।
ਕਿਨ੍ਹਾਂ ਗੱਲਾਂ ਦੀ ਪ੍ਰਪੋਜ਼ਲ 'ਚ ਕੀਤੀ ਗਈ ਹੈ ਮੰਗ!
ਸੂਤਰਾਂ ਦੀ ਮੰਨੀਏ ਤਾਂ ਕਰਤਾਰਪੁਰ ਕਾਰੀਡੋਰ 'ਤੇ ਸੁਰੱਖਿਆ ਦੇ ਮਾਮਲੇ 'ਚ ਕੇਂਦਰ ਸਰਕਾਰ ਨੂੰ ਜੋ ਚਿੱਠੀ ਲਿਖੀ ਗਈ ਹੈ, ਉਸ 'ਚ ਸਭ ਤੋਂ ਪਹਿਲੀ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਤੇ ਪਾਕਿਸਤਾਨ ਬਾਰਡਰ 'ਤੇ ਜੋ ਫੋਰਸ ਤਾਇਨਾਤ ਹੋਵੇਗੀ, ਉਸ ਦੇ ਨਾਲ ਉਥੇ ਕੰਟਰੋਲ ਰੂਮ ਬਣਾਇਆ ਜਾਵੇ ਤਾਂ ਜੋ ਕੋਈ ਵੀ ਯਾਤਰੀ ਜੋ ਕਿ ਭਾਰਤ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਭਾਰਤ ਆ ਰਿਹਾ ਹੈ, ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਣ 'ਤੇ ਉਹ ਤੁਰੰਤ ਕੰਟਰੋਲ ਰੂਮ 'ਤੇ ਫੋਨ ਰਾਹੀਂ ਸੂਚਿਤ ਕਰ ਸਕਦਾ ਹੈ। ਦੂਜਾ ਪੁਆਇੰਟ ਇਹ ਰੱਖਿਆ ਗਿਆ ਹੈ ਕਿ ਕਾਰੀਡੋਰ ਦੀਆਂ ਦੋਵਾਂ ਸਰਹੱਦਾਂ 'ਤੇ ਆਰਮੀ ਦੇ ਨਾਲ-ਨਾਲ ਐੱਨ. ਐੈੱਸ. ਜੀ. ਕਮਾਂਡੋ ਤਾਇਨਾਤ ਕੀਤੇ ਜਾਣ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿਚ ਐੱਨ. ਐੈੱਸ. ਜੀ. ਕਮਾਂਡਰ ਆਰਮੀ ਦੀ ਹੈਲਪ ਕਰ ਸਕਣ।
ਤੀਜਾ ਪੁਆਇੰਟ ਇਹ ਰੱਖਿਆ ਗਿਆ ਹੈ ਕਿ ਸਿਵਲ ਵਰਦੀ 'ਚ ਵੀ ਖੁਫੀਆ ਵਿਭਾਗ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਕਾਰੀਡੋਰ ਇਸਤੇਮਾਲ ਕਰਨ ਵਾਲੇ ਹਰ ਵਿਅਕਤੀ 'ਤੇ ਨਜ਼ਰ ਰੱਖੀ ਜਾ ਸਕੇ। ਚੌਥੇ ਪੁਆਇੰਟ ਵਿਚ ਯਾਤਰੀਆਂ ਲਈ ਐਮਰਜੈਂਸੀ ਦੌਰਾਨ ਐਂਬੂਲੈਂਸ ਦਾ ਪ੍ਰਬੰਧ ਰੱਖਣ ਦੀ ਮੰਗ ਕੀਤੀ ਗਈ ਹੈ। ਪੰਜਵਾਂ ਪੁਆਇੰਟ ਇਹ ਰੱਖਿਆ ਗਿਆ ਹੈ ਕਿ ਕਾਰੀਡੋਰ ਦੇ 20 ਕਿਲੋਮੀਟਰ ਦੇ ਏਰੀਏ 'ਚ ਸੀ. ਸੀ. ਟੀ. ਵੀ. ਕੈਮਰਿਆਂ ਦੇ ਨਾਲ-ਨਾਲ ਜੈਮਰ ਵੀ ਲਾਏ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡੈਟੋਨੇਟਰ ਜਾਂ ਗੈਰ-ਕਾਨੂੰਨੀ ਸਿਗਨਲ ਨੂੰ ਇਸਤੇਮਾਲ ਨਾ ਕੀਤਾ ਜਾ ਸਕੇ ਤੇ ਉਸ ਦੇ ਨਾਲ-ਨਾਲ ਨਾ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਨਾ ਪਾਕਿਸਤਾਨ ਸੁਰੱਖਿਆ ਏਜੰਸੀਆਂ ਡ੍ਰੋਨ ਦਾ ਇਸਤੇਮਾਲ ਕਰਨਗੀਆਂ। ਛੇਵੇਂ ਪੁਆਇੰਟ ਵਿਚ ਯਾਤਰੀਆਂ ਦੇ ਆਉਣ-ਜਾਣ ਸਬੰਧੀ ਟਾਈਮ ਲਾਈਨ ਤਿਆਰ ਕਰਨ ਦੀ ਗੱਲ ਕਹੀ ਗਈ ਹੈ ਤਾਂ ਜੋ ਇਕ ਸਮੇਂ 'ਤੇ ਹੀ ਯਾਤਰੀ ਕਰਤਾਰਪੁਰ ਕਾਰੀਡੋਰ ਤੋਂ ਆ-ਜਾ ਸਕਣ।
ਅਸੀਂ ਤਾਂ ਪ੍ਰਪੋਜ਼ਲ ਬਣਾ ਕੇ ਭੇਜ ਦਿੱਤਾ ਹੈ, ਜਲਦੀ ਹੀ ਗ੍ਰਾਂਟ ਵੀ ਹੋ ਜਾਵੇਗਾ : ਆਈ. ਜੀ.
ਇਸ ਸਬੰਧ 'ਚ ਆਈ. ਜੀ. ਰੈਂਕ ਦੇ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਪੰਜਾਬ ਪੁਲਸ ਤੇ ਖਾਸ ਤੌਰ 'ਤੇ ਇੰਟੈਲੀਜੈਂਸ ਵਿੰਗ ਵਲੋਂ ਕਰਤਾਰਪੁਰ ਕਾਰੀਡੋਰ ਸਬੰਧੀ ਸੁਰੱਖਿਆ ਦਾ ਸਾਰਾ ਬਲਿਊ ਪ੍ਰਿੰਟ ਬਣਾਉਣ ਤੋਂ ਬਾਅਦ ਪੰਜਾਬ ਸਰਕਾਰ ਕੋਲੋਂ ਅਪਰੂਵ ਕਰਵਾ ਕੇ ਕੇਂਦਰ ਕੋਲ ਭੇਜ ਦਿੱਤਾ ਹੈ। ਭਾਵੇਂ ਇਸ ਸਬੰਧੀ ਡੀ. ਜੀ. ਪੀ. ਖੁਦ ਦਿੱਲੀ ਜਾ ਕੇ ਮੀਟਿੰਗ ਕਰਕੇ ਆਏ ਸਨ ਪਰ ਹੁਣ ਕੇਂਦਰ ਵਲੋਂ ਇਸ ਸਬੰਧੀ ਹਰੀ ਝੰਡੀ ਦੇਣ ਦੀ ਉਡੀਕ ਕੀਤੀ ਜਾ ਰਹੀ ਹੈ।


shivani attri

Content Editor

Related News