ਕਰਤਾਰਪੁਰ ਕੋਰੀਡੋਰ ਰਾਹੀਂ ਨਹੀਂ ਵਾਹਗਾ ਰਾਹੀਂ ਪਾਕਿ ਜਾਣਾ ਚਾਹੁੰਦੇ ਹਨ ਸ਼ਰਧਾਲੂ, ਜਾਣੋ ਕਿਉਂ

11/16/2019 6:54:09 PM

ਅੰਮ੍ਰਿਤਸਰ : ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀ ਮੁਰਾਦ ਤਾਂ ਪੂਰੀ ਹੋ ਗਈ ਹੈ ਪਰ ਪਾਕਿਸਤਾਨ ਨੇ 20 ਡਾਲਰ ਦੀ ਜਿਹੜੀ ਫੀਸ ਰੱਖੀ ਹੈ, ਉਸ ਕਰਕੇ ਇਥੋਂ ਉਸ ਪਾਸੇ ਜਾਣਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ। ਕੋਰੀਡੋਰ ਰਾਹੀਂ ਪਾਕਿਸਤਾਨ ਜਾਣ ਦੀ ਬਜਾਏ ਬਟਾਰੀ ਵਾਹਗਾ ਸਰਹੱਦ ਰਾਹੀਂ ਵੀਜ਼ਾ ਲੈ ਕੇ ਪਾਕਿਸਤਾਨ ਜਾਣਾ ਬਿਹਤਰ ਲੱਗ ਰਿਹਾ ਹੈ। ਇਹ ਸਸਤਾ ਵੀ ਹੈ ਅਤੇ ਇਸ ਨਾਲ ਸ਼ਰਧਾਲੂ ਇਕ ਨਹੀਂ ਅਨੇਕਾਂ ਗੁਰਧਾਮਾਂ ਦੇ ਦਰਸ਼ਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ 'ਚ ਕਈ ਦਿਨ ਠਹਿਰ ਵੀ ਸਕਦੇ ਹਨ। 

ਪਾਕਿਸਤਾਨ ਵਲੋਂ ਪ੍ਰਤੀ ਸ਼ਰਧਾਲੂ 20 ਡਾਲਰ ਦੀ ਭਾਰੀ ਭਰਕਮ ਫੀਸ ਲਗਾਉਣ ਦਾ ਸਿੱਧਾ ਅਸਰ ਕੋਰੀਡੋਰ ਤੋਂ ਪਾਕਿ ਜਾਣ ਵਾਲੇ ਸ਼ਰਧਾਲੂਆਂ 'ਤੇ ਨਜ਼ਰ ਆਉਣ ਲੱਗਾ ਹੈ। ਸ਼ੁਰੂਆਤੀ ਦਿਨਾਂ ਵਿਚ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਾਕਿਸਤਾਨ 'ਚ ਪੰਜ ਘੰਟੇ ਦੇ ਸਫਰ ਲਈ 20 ਡਾਲਰ ਖਰਚ ਕੀਤੇ ਪਰ ਹੁਣ ਗਿਣਤੀ ਘੱਟਣ ਲੱਗੀ ਹੈ। 

ਪਾਕਿਸਤਾਨ ਦੇ ਟੂਰਿਸਟ ਵੀਜ਼ਾ ਦੀ ਫੀਸ 120 ਰੁਪਏ ਪ੍ਰਤੀ ਵਿਅਕਤੀ ਹੈ। ਇਸ ਦੀ ਮਿਆਦ ਵੀ 14 ਦਿਨ ਦੀ ਹੁੰਦੀ ਹੈ। ਵੀਜ਼ਾ ਲੈ ਕੇ ਲਾਹੌਰ ਜਾਣ 'ਤੇ ਯਾਤਰੀ ਦੋ ਹਜ਼ਾਰ ਰੁਪਏ ਖਰਚ ਕਰਕੇ ਕਈ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਹਨ। ਸਰਬੱਤ ਖਾਲਸਾ ਦੇ ਆਯੋਜਕ ਜਰਨੈਲ ਸਿੰਘ ਸਖੀਰਾ ਕਹਿੰਦੇ ਹਨ ਕਿ ਕੋਰੀਡੋਰ ਦੇ ਰਸਤੇ ਗੁਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ 'ਤੇ 1,438 ਰੁਪਏ ਪ੍ਰਤੀ ਵਿਅਕਤੀ ਦੇਣੇ ਪੈਂਦੇ ਹਨ ਅਤੇ ਉਹ ਵੀ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ 4.19 ਕਿਲੋਮੀਟਰ ਦੂਰ ਤਕ ਪਾਕਿਸਤਾਨ 'ਚ ਪਹੁੰਚਣ ਲਈ। ਵੀਜ਼ਾ ਲੈ ਕੇ ਅਟਾਰੀ ਵਾਹਗਾ ਸਰਹੱਦ ਦੇ ਰਸਤੇ ਪਾਕਿਸਤਾਨ ਜਾਣ ਵਾਲਾ ਯਾਤਰੀ ਕੁਝ ਦਿਨ ਉਥੇ ਠਹਿਰ ਵੀ ਸਕਦਾ ਹੈ ਜਦਕਿ ਕੋਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪੰਜ ਘੰਟੇ 'ਚ ਵਾਪਸ ਪਰਤਣਾ ਹੁੰਦਾ ਹੈ। ਲਿਹਾਜ਼ਾ ਵੀਜ਼ਾ ਲੈ ਕੇ ਪਾਕਿਸਤਾਨ ਜਾਣਾ ਬਿਹਤਰ ਲੱਗ ਰਿਹਾ ਹੈ।


Gurminder Singh

Content Editor

Related News