ਕਰਤਾਰਪੁਰ ਲਾਂਘੇ ''ਤੇ ਸਰਵਿਸ ਚਾਰਜ ਲਾਉਣ ਦੇ ਮੁੱਦੇ ''ਤੇ ਮੋਦੀ ਦਖਲ ਦੇਣ : ਕੈਪਟਨ

Friday, Sep 13, 2019 - 09:30 AM (IST)

ਚੰਡੀਗੜ੍ਹ (ਅਸ਼ਵਨੀ) : ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ 'ਤੇ ਸਰਵਿਸ ਚਾਰਜ ਲਾਉਣ ਦੇ ਪ੍ਰਸਤਾਵ ਦੇ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ 'ਤੇ ਸਰਵਿਸ ਚਾਰਜ ਨਾ ਲਾਉਣ ਲਈ ਦਬਾਅ ਪਾਉਣ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਹੈ ਕਿ ਇਸ ਮਾਮਲੇ ਦੇ ਜਲਦੀ ਹੱਲ ਲਈ ਵਿਦੇਸ਼ ਮੰਤਰਾਲਾ ਦੁਵੱਲੀ ਮੀਟਿੰਗ 'ਚ ਇਹ ਮੁੱਦਾ ਚੁੱਕੇ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਰਵਿਸ ਚਾਰਜ ਲਾਉਣ ਲਈ ਪਾਏ ਜਾ ਰਹੇ ਜ਼ੋਰ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ 'ਤੇ ਵੱਡਾ ਵਿੱਤੀ ਬੋਝ ਪਵੇਗਾ ਜਦੋਂਕਿ ਵੱਡੀ ਗਿਣਤੀ ਵਿਚ ਸ਼ਰਧਾਲੂ ਇਹ ਵਿੱਤੀ ਬੋਝ ਝਲਣ ਦੀ ਸਮਰੱਥਾ ਨਹੀਂ ਰੱਖਦੇ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਉਹ ਕਈ ਮੌਕਿਆਂ 'ਤੇ ਭਾਰਤ ਸਰਕਾਰ ਕੋਲ ਇਹ ਮੰਗ ਰੱਖ ਚੁੱਕੇ ਹਨ ਕਿ ਪਾਕਿਸਤਾਨ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਵੇ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ 'ਤੇ ਕੋਈ ਵੀਜ਼ਾ ਜਾਂ ਕੋਈ ਹੋਰ ਫੀਸ ਆਦਿ ਦੇਣ ਦੀ ਸ਼ਰਤ ਨਾ ਲਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਸਥਿਤ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵਲੋਂ ਲੰਬੇ ਸਮੇਂ ਤੋਂ 'ਖੁੱਲ੍ਹੇ ਦਰਸ਼ਨ ਦੀਦਾਰ' ਕਰਨ ਦੀ ਕੀਤੀ ਜਾ ਰਹੀ ਅਰਦਾਸ ਪੂਰੀ ਹੋਵੇਗੀ।


cherry

Content Editor

Related News