ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਸ਼੍ਰੋਮਣੀ ਕਮੇਟੀ ਸੰਗਤਾਂ ਲਈ ਸਰਾਂ ਬਣਾਏਗੀ : ਭਾਈ ਲੌਂਗੋਵਾਲ

12/04/2018 9:10:02 AM

ਪਟਿਆਲਾ (ਬਲਜਿੰਦਰ, ਰਾਣਾ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਂਦਾ ਸਿੱਖ ਅਜਾਇਬ ਘਰ ਅਤੇ ਸਟੀਲ ਦਾ ਬਣਾਇਆ ਨਵਾਂ ਨਿਸ਼ਾਨ ਸਾਹਿਬ ਸੰਗਤਾਂ ਨੂੰ ਸਮਰਪਤ ਕੀਤਾ ਗਿਆ।

ਸਿੱਖ ਅਜਾਇਬ ਘਰ ਦੇ ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਮਲੇਸ਼ ਕੌਰ ਤੋਂ ਇਲਾਵਾ ਸਿੱਖ ਅਜਾਇਬ ਘਰ ਦੀ ਸੇਵਾ ਕਰਵਾਉਣ ਵਾਲੇ ਭਗਵੰਤ ਸਿੰਘ, ਅਜੀਤ ਸਿੰਘ ਅਤੇ ਅਜੀਤ ਆਰਟਸ ਵਾਲਿਆਂ ਤੋਂ ਇਲਾਵਾ ਸਟੀਲ ਦੇ ਨਵੇਂ ਨਿਸ਼ਾਨ ਦੀ ਸੇਵਾ 'ਚ ਯੋਗਦਾਨ ਪਾਉਣ ਵਾਲੇ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਮਾਤਾ ਬਿਪਨਪ੍ਰੀਤ ਕੌਰ, ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ  ਅਤੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਕੋਹਲੀ ਆਦਿ ਨੇ ਸ਼ਿਰਕਤ ਕੀਤੀ। ਉਦਘਾਟਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੀ ਹਜ਼ੂਰੀ  'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ  ਜੀ ਦੇ ਭੋਗ ਪਾਏ ਗਏ। ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ। ਹਜ਼ੂਰੀ ਰਾਗੀ ਸਿੰਘਾਂ ਨੇ ਕੀਰਤਨ ਪ੍ਰਵਾਹ ਚਲਾਇਆ। 
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਇਤਿਹਾਸ ਦੀ ਤਰਜਮਾਨੀ ਕਰਦੇ ਸਿੱਖ ਅਜਾਇਬ ਘਰ ਗੁਰਦੁਆਰਿਆਂ 'ਚ ਹੋਣੇ ਅੱਜ ਸਮੇਂ ਦੀ ਵੱਡੀ ਲੋੜ ਹੈ ਤਾਂ ਜੋ ਮੌਜੂਦਾ ਹਾਲਾਤ 'ਚ ਬੱਚਿਆਂ ਅਤੇ ਅਜੋਕੀ ਪੀੜ੍ਹੀ ਨੂੰ ਸਿੱਖ ਵਿਰਸੇ ਤੇ ਗੁਰਮਤਿ ਸੱਭਿਆਚਾਰ ਬਾਰੇ ਜਾਣੂ ਕਰਵਾਇਆ ਜਾ ਸਕੇ। ੍ਰਇਕ ਸਵਾਲ ਦੇ ਜਵਾਬ 'ਚ ਭਾਈ ਲੌਂਗੋਵਾਲ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨੂੰ ਲੈ ਕੇ ਨਾਨਕ ਨਾਮ-ਲੇਵਾ ਸੰਗਤਾਂ 'ਚ ਗੁਰੂ ਸਾਹਿਬ ਦੇ ਪਾਵਨ ਅਸਥਾਨ ਦੇ ਦਰਸ਼ਨਾਂ ਦੀ ਆਸ ਬੱਝੀ ਹੈ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਵੱਲੋਂ ਜਿਥੇ ਪਾਕਿਸਤਾਨ ਦੀ ਸਰਕਾਰ ਹਰ ਸੰਭਵ ਸਹਾਇਤਾ ਮੁਹੱਈਆ ਕਰਨ ਦਾ ਵਾਅਦਾ ਕੀਤਾ ਗਿਆ, ਉਥੇ ਸੰਗਤਾਂ ਦੇ ਠਹਿਰਨ ਅਤੇ ਰਹਿਣ- ਸਹਿਣ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਰਾਂ ਬਣਾਉਣ ਦਾ ਕਾਰਜ ਕੀਤਾ ਜਾਵੇਗਾ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨ ਕਰਨ ਵਾਲਿਆਂ 'ਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਨਿੱਜੀ ਸਹਾਇਕ ਸ. ਸੁਖਵਿੰਦਰ ਸਿੰਘ,  ਦਰਸ਼ਨ ਸਿੰਘ, ਤਰਸੇਮ ਸਿੰਘ, ਐਡੀਸ਼ਨਲ ਮੈਨੇਜਰ ਕਰਮ ਸਿੰਘ, ਸ. ਅਮਰਪਾਲ ਸਿੰਘ,  ਗੁਰਦੀਪ ਸਿੰਘ ਤੇ ਰੁਪਿੰਦਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਟਾਫ ਅਤੇ ਅਧਿਕਾਰੀ ਆਦਿ ਸ਼ਾਮਲ ਸਨ।


cherry

Content Editor

Related News