ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਬਾਬੇ ਨਾਨਕ ਦੇ ਘਰ ਦਾ ਰਾਹ, ਪੂਰਾ ਸਾਲ ਹੋਣਗੇ ਦਰਸ਼ਨ

Sunday, Nov 10, 2019 - 12:15 PM (IST)

ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਬਾਬੇ ਨਾਨਕ ਦੇ ਘਰ ਦਾ ਰਾਹ, ਪੂਰਾ ਸਾਲ ਹੋਣਗੇ ਦਰਸ਼ਨ

ਡੇਰਾ ਬਾਬਾ ਨਾਨਕ : ਸਿੱਖ ਕੌਮ ਦੀ 70 ਸਾਲਾਂ ਦੀ ਅਰਦਾਸ ਬੀਤੇ ਦਿਨ ਉਦੋਂ ਪੂਰੀ ਹੋਈ, ਜਦੋਂ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ, ਹਾਲਾਂਕਿ ਪਹਿਲੇ ਦਿਨ ਮੁੱਖ ਸਿਆਸਤਦਾਨਾਂ ਅਤੇ ਹੋਰ ਲੋਕਾਂ ਨੂੰ ਹੀ ਪਹਿਲੇ ਜੱਥੇ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ ਪਰ ਅੱਜ ਤੋਂ ਆਮ ਲੋਕਾਂ ਲਈ ਬਾਬੇ ਨਾਨਕ ਦੇ ਘਰ ਦਾ ਰਾਹ ਖੁੱਲ੍ਹ ਗਿਆ ਅਤੇ ਸੰਗਤਾਂ ਹੁਣ ਪੂਰਾ ਸਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ ਪਰ ਸ਼ਰਧਾਲੂਆਂ ਨੂੰ ਉਸੇ ਸ਼ਾਮ ਵਾਪਸ ਪਰਤਣਾ ਪਵੇਗਾ।

PunjabKesari
ਲਾਂਘੇ 'ਚ ਨਹੀਂ ਲਿਜਾਏ ਜਾ ਸਕਣਗੇ ਨਿਜੀ ਵਾਹਨ
ਲਾਂਘੇ ਦੀ ਸ਼ੁਰੂਆਤ 'ਤੇ ਬਣੇ ਚੈੱਕ ਪੁਆਇੰਟ 'ਤੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਈ-ਰਿਕਸ਼ਾ ਰਾਹੀਂ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਸੁਰੱਖਿਆ ਵਿਚਕਾਰ ਟਰਮੀਨਲ ਤੱਕ ਲਿਜਾਇਆ ਜਾਵੇਗਾ। ਟਰਮੀਨਲ 'ਤੇ ਫਿਰ ਤੋਂ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਇੱਥੋਂ ਸਖਤ ਸੁਰੱਖਿਆ ਵਿਚਕਾਰ ਜੱਥਾ ਪੈਦਲ ਅਤੇ ਈ-ਰਿਕਸ਼ਾ ਰਾਹੀਂ ਜ਼ੀਰੋ ਲਾਈਨ ਤੱਕ ਲਿਜਾਇਆ ਜਾਵੇਗਾ। ਜ਼ੀਰੋ ਲਾਈਨ 'ਤੇ ਇਕ ਵਾਰ ਫਿਰ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਇਸ ਤੋਂ ਬਾਅਦ ਸ਼ਰਧਾਲੂ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋਣਗੇ।
ਕਰਤਾਰਪੁਰ ਸਾਹਿਹਬ ਦੇ ਦਰਸ਼ਨਾਂ ਲਈ ਧਿਆਨ ਦੇਣ ਯੋਗ ਗੱਲਾਂ

  • ਸ਼ਰਧਾਲੂ ਸਵੇਰੇ 4 ਵਜੇ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਆਉਣਗੇ।
  • ਸ਼ਰਧਾਲੂ ਆਪਣੇ ਨਾਲ 11 ਹਜ਼ਾਰ ਰੁਪਏ ਨਕਦੀ ਅਤੇ 7 ਕਿੱਲੋ ਦਾ ਬੈਗ ਹੀ ਲੈ ਕੇ ਜਾ ਸਕਦੇ ਹਨ।
  • ਸ਼ਰਧਾਲੂ ਆਪਣੇ ਨਾਲ ਮੋਬਾਇਲ ਫੋਨ ਜਾਂ ਫਿਰ ਕੈਮਰਾ ਨਹੀਂ ਲਿਜਾ ਸਕਣਗੇ। ਉਨ੍ਹਾਂ ਨੂੰ ਉੱਥੇ ਫੋਟੋ ਖਿੱਚਣ ਦੀ ਇਜਾਜ਼ਤ ਨਹੀਂ ਹੋਵੇਗੀ।
  • ਸ਼ਰਧਾਲੂਆਂ ਲਈ ਗੁਰਦੁਆਰਾ ਸਾਹਿਬ 'ਚ ਲੰਗਰ ਅਤੇ ਪ੍ਰਸਾਦ ਦੀ ਵਿਵਸਥਾ ਰਹੇਗੀ।
  • ਸ੍ਰੀ ਕਰਤਾਰਪੁਰ ਸਾਹਿਬ ਤੋਂ ਇਲਾਵਾ ਸ਼ਰਧਾਲੂ ਹੋਰ ਕਿਸੇ ਥਾਂ 'ਤੇ ਨਹੀਂ ਘੁੰਮ ਸਕਣਗੇ।

author

Babita

Content Editor

Related News