ਕਾਰਗਿਲ ਸ਼ਹੀਦ ਦੀ ਪ੍ਰੇਮਿਕਾ ਅੱਜ ਵੀ ਉਡੀਕ ਰਹੀ ਹੈ ਆਪਣੇ ਹੀਰੋ ਦਾ ਫੋਨ (ਵੀਡੀਓ)
Friday, Jul 26, 2019 - 10:31 AM (IST)
ਜਲੰਧਰ/ਅੰਮ੍ਰਿਤਸਰ : ਕਾਰਗਿਲ ਦੇ ਯੁੱਧ ਦੌਰਾਨ ਚੋਟੀ 5140 ਫਤਹਿ ਹੋ ਚੁੱਕੀ ਸੀ ਤਾਂ 20 ਜੂਨ, 1999 ਨੂੰ ਰਾਤ ਕਰੀਬ 3.30 ਵਜੇ ਮਹਿਜ਼ 25 ਸਾਲਾਂ ਦੇ ਲੈਫਟੀਨੈਂਟ ਬਿਕਰਮ ਨੇ ਇਕ ਚੋਟੀ 'ਤੇ ਤਿਰੰਗਾ ਲਹਿਰਾਅ ਦਿੱਤਾ ਸੀ। ਪਰ ਉਸ ਦਾ ਦਿਲ ਨਹੀਂ ਭਰਿਆ ਸੀ। ਉਹ ਦੁਸ਼ਮਣ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਚਾਹੁੰਦਾ ਸੀ। ਦੇਸ਼ ਪਿਆਰ ਦੇ ਇਸ ਜਜ਼ਬੇ 'ਚ ਉਸ ਨੇ ਜੋ ਬਿਆਨ ਦਿੱਤਾ, ਉਹ ਬਿਕਰਮ ਦੇ ਨਾਲ ਹੀ ਅਮਰ ਹੋ ਗਿਆ। ਬਿਕਰਮ ਨੇ ਕਿਹਾ, 'ਯੇ ਦਿਲ ਮਾਂਗੇ ਮੋਰ'
7 ਜੁਲਾਈ 1999 ਬਿਕਰਮ ਬੱਤਰਾ ਨੂੰ ਇਕ ਹੋਰ ਚੋਟੀ 4875 ਫਤਹਿ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਬਿਕਰਮ ਇੱਥੇ ਵੀ ਜਾਂਬਾਜ਼ੀ ਨਾਲ ਲੜਿਆ। ਇਸ ਦੌਰਾਨ ਉਨ੍ਹਾਂ ਦਾ ਜੂਨੀਅਰ ਨਵੀਨ ਜ਼ਖਮੀ ਹੋ ਗਿਆ ਤਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਿਕਰਮ ਉਸ ਨੂੰ ਬਚਾਉਣ ਚਲਾ ਗਿਆ। ਉਨ੍ਹਾਂ ਦੇ ਸੂਬੇਦਾਰ ਨੇ ਬੇਨਤੀ ਕੀਤੀ। ਤਸੀਂ ਅੱਗੇ ਨਾ ਜਾਓ.... ਮੈਂ ਜਾਵਾਂਗਾ। ਬਿਕਰਮ ਨੇ ਕਿਹਾ ਤੁਸੀਂ ਬਾਲ-ਬੱਚੇਦਾਰ ਹੋ। ਪਿੱਛੇ ਹੱਟ ਜਾਓ.... ਬਿਕਰਮ ਨੇ ਦੁਸ਼ਮਣ ਦੀ ਪੋਸਟ 'ਤੇ ਗ੍ਰੇਨੇਡ ਸੁੱਟਿਆ, ਪੰਜ ਪਾਕਿਸਤਾਨੀ ਮਾਰੇ ਗਏ। ਉਹ ਆਪਣੇ ਜੂਨੀਅਰ ਨੂੰ ਬਚਾਉਣ ਚਲੇ ਗਏ। ਉਸੇ ਸਮੇਂ ਇਕ ਗੋਲੀ ਬਿਕਰਮ ਦੀ ਛਾਤੀ 'ਚ ਲੱਗੀ। ਬਿਕਰਮ ਆਪਣਾ ਫਰਜ਼ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਪਰ ਇਕ ਹੋਰ ਚੋਟੀ ਦੁਸ਼ਮਣਾਂ ਦੀ ਕੈਦ ਤੋਂ ਆਜ਼ਾਦ ਹੋ ਚੁੱਕੀ ਸੀ।
ਦੁਸ਼ਮਣਾਂ 'ਤੇ ਸ਼ੇਰ ਵਾਂਗ ਟੁੱਟਣ ਵਾਲੇ ਬਿਕਰਮ ਦਾ ਪਿਆਰ ਵੀ ਜਨੂੰਨੀ ਸੀ
ਬਿਕਰਮ ਗਜ਼ਬ ਦਾ ਦੀਵਾਨਾ ਸੀ ਸਿਰਫ ਦੇਸ਼ ਪਿੱਛੇ ਨਹੀਂ ਸਗੋਂ ਆਪਣੀ ਮਹਿਬੂਬਾ ਪਿੱਛੇ ਵੀ। ਬਿਕਰਮ ਖੂਬਸੂਰਤ ਸਮਾਈਲ ਵਾਲਾ ਗਜ਼ਬ ਦਾ ਸੋਹਣਾ ਮੁੰਡਾ ਸੀ। ਕਾਲਜ ਦੇ ਦਿਨਾਂ 'ਚ ਪੰਜਾਬ ਯੂਨੀਵਰਸਿਟੀ 'ਚ ਉਹ ਡਿੰਪਲ ਨੂੰ ਦਿਲ ਹਾਰ ਬੈਠਾ। ਕਾਲਜ ਤੋਂ ਸ਼ੁਰੂ ਹੋਇਆ ਉਸ ਦਾ ਪਿਆਰ ਪਰਵਾਨ ਚੜ੍ਹਨ ਵਾਲਾ ਸੀ ਜਦੋਂ ਬਿਕਰਮ ਨੂੰ ਕਾਰਗਿਲ ਦਾ ਸੱਦਾ ਆਇਆ। ਕਾਰਗਿਲ ਤੋਂ ਪਰਤਦੇ ਹੀ ਬਿਕਰਮ, ਡਿੰਪਲ ਨਾਲ ਵਿਆਹ ਕਰਨ ਵਾਲਾ ਸੀ। ਡਿੰਪਲ ਦੱਸਦੀ ਹੈ ਕਿ ਇਕ ਵਾਰ ਬਿਕਰਮ ਉਸ ਨੂੰ ਮਿਲਣ ਆਇਆ ਤਾਂ ਉਸ ਨੇ ਵਿਆਹ ਦਾ ਮੁੱਦਾ ਉਠਾ ਦਿੱਤਾ। ਉਸ ਨੂੰ ਇਨਸਕਿਓਰਿਟੀ ਹੋਣ ਲੱਗੀ ਸੀ। ਤਦ ਬਿਕਰਮ ਨੇ ਤੁਰੰਤ ਆਪਣੇ ਬੈਲੇਟ 'ਚੋਂ ਬਲੇਡ ਕੱਢਿਆ। ਆਪਣਾ ਅੰਗੂਠਾ ਕੱਟਿਆ ਤੇ ਖੂਨ ਨਾਲ ਉਸ ਦੀ ਮਾਂਗ ਭਰ ਦਿੱਤੀ। ਡਿੰਪਲ ਕਹਿੰਦੀ ਹੈ... ''ਇਹ ਅੱਜ ਤੱਕ ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਅਹਿਸਾਸ ਹੈ, ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਾਂਗੀ। ਡਿੰਪਲ ਨੇ ਕਿਹਾ ਕਿ ਬਿਕਰਮ ਪੂਰਾ ਫਿਲਮੀ ਸੀ।''
ਡਿੰਪਲ ਤੇ ਬਿਕਰਮ ਦਾ ਸਾਥ ਮਹਿਜ਼ 4 ਸਾਲਾਂ ਦਾ ਰਿਹਾ। ਕਾਰਗਿਲ ਯੁੱਧ ਦੌਰਾਨ ਵੀ ਬਿਕਰਮ ਡਿੰਪਲ ਫੋਨ ਕਰ ਲੈਂਦਾ ਸੀ। 20 ਸਾਲ ਗੁਜ਼ਰ ਗਏ, ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। ਡਿੰਪਲ ਨੂੰ ਅੱਜ ਵੀ ਬਿਕਰਮ ਦੀ ਫੋਨਕਾਲ ਦਾ ਇੰਤਜ਼ਾਰ ਹੈ। ਕਾਰਗਿਲ ਦੇ ਇਸ ਹੀਰੋ ਦੀ ਪ੍ਰੇਮ ਕਹਾਣੀ ਅਧੂਰੀ ਰਹਿ ਗਈ।