ਕਰਾਟੇ ਖਿਡਾਰਨ ਦੀ ਆਤਮ-ਹੱਤਿਆ ਦੇ ਮਾਮਲੇ ''ਚ ਦਰਜ ਕੇਸ ਨੂੰ ਸਿੱਟ ਨੇ ਕੀਤਾ ਰੱਦ
Sunday, Apr 08, 2018 - 07:18 AM (IST)
ਬਟਾਲਾ (ਬੇਰੀ) - ਅੱਜ ਤੋਂ ਕੁਝ ਮਹੀਨੇ ਪਹਿਲਾਂ ਗੁੱਜਰਪੁਰਾ ਵਿਖੇ ਪਲਾਟ ਨੂੰ ਲੈ ਕੇ ਹੋਏ ਝਗੜੇ ਦੌਰਾਨ ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਤੋਂ ਤੰਗ ਆ ਕੇ ਅੰਤਰਰਾਸ਼ਟਰੀ ਮਹਿਲਾ ਕਰਾਟੇ ਖਿਡਾਰਨ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਆਤਮ-ਹੱਤਿਆ ਦੇ ਮਾਮਲੇ 'ਚ ਦਰਜ ਹੋਏ ਕੇਸ ਨੂੰ ਸਿੱਟ (ਐੱਸ. ਆਈ. ਟੀ.) ਵੱਲੋਂ ਰੱਦ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਅੱਜ ਪ੍ਰੈੱਸ ਨੂੰ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮ੍ਰਿਤਕਾ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਭੈਣ ਬਲਬੀਰ ਕੌਰ ਪੁੱਤਰੀ ਸਵਰਨ ਸਿੰਘ ਵਾਸੀ ਗੁੱਜਰਪੁਰਾ ਨੇ ਪੁਲਸ ਕੋਲੋਂ ਮੰਗ ਕੀਤੀ ਸੀ ਕਿ ਉਸ ਦੀ ਭੈਣ ਦੀ ਮੌਤ ਦੀ ਜਾਂਚ ਐੱਸ. ਟੀ. ਆਈ. ਬਣਾ ਕੇ ਕੀਤੀ ਜਾਵੇ ਅਤੇ ਜਦੋਂ ਉਨ੍ਹਾਂ ਨੇ 3 ਮਹਿਲਾ ਅਧਿਕਾਰੀਆਂ ਦੀ ਐੱਸ. ਆਈ. ਟੀ. ਦਾ ਗਠਨ ਕੀਤਾ ਤਾਂ ਬਲਬੀਰ ਕੌਰ ਨੇ ਮੰਗ ਕੀਤੀ ਕਿ ਐੱਸ. ਆਈ. ਟੀ. 'ਚ ਇਕ ਆਈ. ਪੀ. ਐੱਸ. ਅਧਿਕਾਰੀ ਜ਼ਰੂਰ ਸ਼ਾਮਲ ਕੀਤਾ ਜਾਵੇ, ਜਿਸ ਦੌਰਾਨ ਉਨ੍ਹਾਂ ਐੱਸ. ਪੀ. ਹੈੱਡ ਕੁਆਰਟਰ ਪਠਾਨਕੋਟ ਭਾਗੀਰਥ ਮੀਨਾ ਆਈ. ਪੀ. ਐੱਸ. ਨੂੰ ਐੱਸ. ਆਈ. ਟੀ. ਦਾ ਚੇਅਰਮੈਨ ਬਣਾਇਆ। ਉਨ੍ਹਾਂ ਨੇ ਆਪਣੇ ਸਾਥੀ ਅਧਿਕਾਰੀਆਂ ਸਮੇਤ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ।
ਆਈ. ਜੀ. ਪਰਮਾਰ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਐੱਸ. ਆਈ. ਟੀ. ਵੱਲੋਂ ਪਾਇਆ ਗਿਆ ਕਿ ਕੁਲਦੀਪ ਕੌਰ ਨੇ ਬੀਤੀ 2 ਜਨਵਰੀ 2018 ਨੂੰ ਜ਼ਹਿਰੀਲੀ ਵਸਤੂ ਖਾਧੀ ਸੀ ਜਦਕਿ ਉਨ੍ਹਾਂ ਦਾ ਝਗੜਾ 26 ਅਕਤੂਬਰ 2017 ਨੂੰ ਪਿੰਡ ਗੁੱਜਰਪੁਰਾ ਦੇ ਹੀ ਇਕ ਵਿਅਕਤੀ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਐੱਸ. ਆਈ. ਟੀ. ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਜੋ ਆਤਮ-ਹੱਤਿਆ ਕੀਤੀ ਗਈ ਹੈ, ਉਹ ਬੀਤੀ 26 ਅਕਤੂਬਰ ਨੂੰ ਹੋਏ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਨਹੀਂ ਕੀਤੀ ਗਈ ਬਲਕਿ ਉਕਤ ਝਗੜੇ ਦੇ 67 ਦਿਨ ਬਾਅਦ ਘਰੇਲੂ ਝਗੜੇ ਕਾਰਨ ਕੀਤੀ ਗਈ ਹੈ। ਐੱਸ. ਆਈ. ਟੀ. ਨੇ ਜਾਂਚ 'ਚ ਇਹ ਵੀ ਪਾਇਆ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਹਿਰੀਲੀ ਵਸਤੂ ਖਾਣ ਦੇ ਤੁਰੰਤ ਬਾਅਦ ਅਤੇ ਮੌਕੇ 'ਤੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਦਕਿ 12 ਘੰਟੇ ਬੀਤ ਜਾਣ ਉਪਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਕੁਲਦੀਪ ਕੌਰ ਦੀ ਮੌਤ ਸਬੰਧੀ ਦੂਜੀ ਪਾਰਟੀ ਦੇ ਵਿਅਕਤੀਆਂ, ਔਰਤਾਂ ਤੇ ਗਵਾਹਾਂ 'ਤੇ ਦਬਾਅ ਬਣਾਉਣ ਲਈ ਪੁਲਸ ਕੋਲ ਝੂਠਾ ਬਿਆਨ ਦਰਜ ਕਰਵਾਇਆ ਗਿਆ ਸੀ, ਜਿਸ ਦੇ ਆਧਾਰ 'ਤੇ ਪੁਲਸ ਨੇ 3 ਜਨਵਰੀ ਨੂੰ ਧਾਰਾ 306 ਤਹਿਤ ਸਬੰਧਤ ਥਾਣੇ 'ਚ ਕੇਸ ਦਰਜ ਕੀਤਾ ਸੀ ਪਰ ਮੁਕੱਦਮੇ ਦੇ ਸਾਰੇ ਕਥਿਤ ਦੋਸ਼ੀ ਬੇਕਸੂਰ ਸਾਬਤ ਹੋਏ ਹਨ ਅਤੇ ਜਾਂਚ ਦੌਰਾਨ ਮੁਕੱਦਮੇ 'ਚ ਲਾਏ ਗਏ ਕਥਿਤ ਦੋਸ਼ਾਂ 'ਚ ਕੋਈ ਸੱਚਾਈ ਨਹੀਂ ਪਾਈ ਗਈ। ਘੁੰਮਣ ਨੇ ਕਿਹਾ ਕਿ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਦੇ ਨਿਰਦੇਸ਼ਾਂ ਮੁਤਾਬਕ ਉਕਤ ਦਰਜ 306 ਦਾ ਪਰਚਾ ਰੱਦ ਕਰ ਦਿੱਤਾ ਗਿਆ।
