ਵੱਡੀ ਖ਼ਬਰ ; ਖ਼ੁਦਕੁਸ਼ੀ ਮਾਮਲੇ 'ਚ MLA ਭੁੱਲਰ ਸਣੇ 3 ਖ਼ਿਲਾਫ਼ FIR ਦਰਜ
Sunday, Mar 22, 2026 - 11:01 AM (IST)
ਅੰਮ੍ਰਿਤਸਰ- ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਸਥਿਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਪੁਲਸ ਨੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਨਿੱਜੀ ਸਹਾਇਕ (PA) ਦਿਲਬਾਗ ਸਿੰਘ ਵਿਰੁੱਧ ਬੀ.ਐੱਨ.ਐੱਸ. ਦੀਆਂ ਧਾਰਾਵਾਂ 108 (ਖੁਦਕੁਸ਼ੀ ਲਈ ਉਕਸਾਉਣਾ), 351 (3) (ਧਮਕੀ) ਅਤੇ 3 (5) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਰੰਧਾਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ— "ਖਾ ਲਈ 'ਸਲਫਾਸ' ਤੁਹਾਡੇ ਯਾਰ ਨੇ, ਮੰਤਰੀ ਲਾਲਜੀਤ ਭੁੱਲਰ ਦੇ ਡਰ ਤੋਂ, ਹੁਣ ਨਹੀਂ ਮੈਂ ਬਚਦਾ।" ਇਸ ਮਾਮਲੇ 'ਚ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਪੁਲਸ ਸਟੇਸ਼ਨ ਵਿੱਚ ਮ੍ਰਿਤਕ ਦੀ ਪਤਨੀ ਉਪਿੰਦਰ ਕੌਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਵਿਰੋਧੀ ਧਿਰ ਦੇ ਕਈ ਸੀਨੀਅਰ ਆਗੂਆਂ ਅਤੇ ਸ਼ਿਕਾਇਤਕਰਤਾ ਅਨੁਸਾਰ ਮੰਤਰੀ 'ਤੇ ਦੋਸ਼ ਹੈ ਕਿ ਮੰਤਰੀ ਭੁੱਲਰ ਅਧਿਕਾਰੀ 'ਤੇ ਆਪਣੇ ਪਿਤਾ ਨੂੰ ਵੇਅਰਹਾਊਸ ਦਾ ਟੈਂਡਰ ਅਲਾਟ ਕਰਨ ਲਈ ਦਬਾਅ ਪਾ ਰਹੇ ਸਨ। ਇਸ ਦੌਰਾਨ 13 ਮਾਰਚ ਨੂੰ ਰੰਧਾਵਾ ਨੂੰ ਮੰਤਰੀ ਦੇ ਘਰ ਬੁਲਾ ਕੇ ਕਥਿਤ ਤੌਰ 'ਤੇ ਕੁੱਟਿਆ ਗਿਆ ਅਤੇ ਅਪਮਾਨਿਤ ਕੀਤਾ ਗਿਆ। ਦੋਸ਼ ਹੈ ਕਿ ਮੰਤਰੀ ਨੇ ਰੰਧਾਵਾ ਦੀ ਇੱਕ ਵੀਡੀਓ ਬਣਵਾਈ ਜਿਸ ਵਿੱਚ ਉਸ ਨੂੰ ਜ਼ਬਰਦਸਤੀ ਇਹ ਕਬੂਲਣ ਲਈ ਮਜਬੂਰ ਕੀਤਾ ਗਿਆ ਕਿ ਉਸ ਨੇ ਕਿਸੇ ਦੂਜੀ ਪਾਰਟੀ ਤੋਂ 10 ਲੱਖ ਰੁਪਏ ਰਿਸ਼ਵਤ ਲਈ ਹੈ।
ਇਹ ਮਾਮਲਾ ਸਾਹਮਣੇ ਆਉਂਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਹੀ ਲਾਲਜੀਤ ਭੁੱਲਰ ਦਾ ਅਸਤੀਫਾ ਮੰਗ ਲਿਆ ਸੀ। ਅਸਤੀਫ਼ੇ ਮਗਰੋਂ ਭੁੱਲਰ ਦੇ ਟਰਾਂਸਪੋਰਟ ਅਤੇ ਜੇਲ੍ਹ ਵਿਭਾਗ ਹੁਣ ਕਿਸੇ ਹੋਰ ਮੰਤਰੀ ਨੂੰ ਸੌਂਪੇ ਜਾਣਗੇ। ਇਸ ਮਾਮਲੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਇੱਕ ਵੱਡਾ ਸਿਆਸੀ ਸੰਕਟ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
