ਯੂ. ਕੇ. ਦੀ HP ਕੈਪੀਟਲ ਵੱਲੋਂ ਪੰਜਾਬ ''ਚ 3000 ਕਰੋੜ ਦੇ ਨਿਵੇਸ਼ ਨਾਲ ਮੈਡੀਸਿਟੀ ਪ੍ਰਾਜੈਕਟ ਬਣਾਉਣ ਦੀ ਤਜਵੀਜ਼
Tuesday, Oct 04, 2022 - 12:10 PM (IST)
ਚੰਡੀਗੜ੍ਹ (ਵਰੁਣ) : ਯੂ. ਕੇ. ਦੀ ਨਾਮਵਾਰ ਕੰਪਨੀ ਐੱਚ. ਪੀ. ਕੈਪੀਟਲ ਨੇ ਪੰਜਾਬ 'ਚ 3000 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਸਿਟੀ ਪ੍ਰਾਜੈਕਟ ਸਥਾਪਿਤ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਇੱਛਾ ਜ਼ਾਹਿਰ ਕੀਤੀ ਹੈ। ਪੰਜਾਬ 'ਚ ਵਿਦੇਸ਼ੀ ਨਿਵੇਸ਼ ਸਬੰਧੀ ਪ੍ਰਚਾਰ ਕਰਨ ਵਾਸਤੇ ਬਣਾਈ ਹਾਈ ਪਾਵਰ ਇਨਵੈਸਟਮੈਂਟ ਕਮੇਟੀ ਦੇ ਮੈਂਬਰ ਕਰਨ ਰੰਧਾਵਾ ਨੇ ਉਪਰੋਕਤ ਕੰਪਨੀ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੋਮਾਜਰਾ ਨੂੰ ਲਿਖੇ ਇੱਛਾ ਪੱਤਰ ਦੀ ਕਾਪੀ ਜਾਰੀ ਕੀਤੀ ਹੈ।
ਉਨ੍ਹਾਂ ਇਸ ਦੌਰਾਨ ਦੱਸਿਆ ਹੈ ਕਿ ਉਪਰੋਕਤ ਕੰਪਨੀ ਵੱਲੋਂ ਇਸ ਪ੍ਰਾਜੈਕਟ ਅਧੀਨ 300 ਬੈੱਡ ਦਾ ਸਵੈ-ਨਿਰਭਰ ਸੁਪਰ ਸਪੈਸ਼ੈਲਿਟੀ ਹਸਪਤਾਲ ਸਥਾਪਿਤ ਕਰਦੇ ਹੋਏ ਬ੍ਰਿਟਿਸ਼ ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ ਐੱਸ.) ਅਤੇ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਐਫ਼ੀਲੀਏਟਿਡ ਮੈਡੀਕਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਇਸ ਰਾਹੀਂ ਹੈਲਥ ਸਟਾਫ਼ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਪ੍ਰਦਾਨ ਕਰਦੇ ਹੋਏ ਇਸ ਖੇਤਰ 'ਚ ਮਾਹਰਾਂ ਦੀ ਘਾਟ ਦੇ ਸੰਕਟ ਨਾਲ ਨਜਿੱਠਿਆ ਜਾ ਸਕੇਗਾ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸਾਢੇ ਪੰਜ ਹਜ਼ਾਰ ਸਥਾਨਕ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਪ੍ਰਾਪਤ ਹੋਵੇਗਾ।
ਇਸ ਦੇ ਨਾਲ ਹੀ ਸਥਾਨਕ ਕੰਮ-ਕਾਜੀ ਲੋਕ ਅਤੇ ਕਾਰਪੋਰੇਟ ਬੀਮਾ ਧਾਰਕ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਣਗੇ। ਕੰਪਨੀ ਵੱਲੋਂ ਦਿੱਤੀ ਗਈ ਤਜਵੀਜ਼ ਭਾਰਤ 'ਚ ਇੱਕ ਵਿਲੱਖਣ ਮਾਡਲ ਹੋਵੇਗਾ, ਜੋ ਸਵੈ-ਨਿਰਭਰ ਹੋਣ ਦਾ ਵਾਅਦਾ ਕਰਦੇ ਹੋਏ ਪਾਵਰ ਸੈਕਟਰ ਲਈ ਗਰੀਨ ਅਨੈਰਜੀ ਦੀ ਪੈਦਾਵਾਰ ਕਰਨ ਨੂੰ ਉਤਸ਼ਾਹਿਤ ਕਰੇਗਾ, ਜੋ ਕਿ ਦੂਸ਼ਿਤ ਹੋ ਰਹੇ ਵਾਤਾਵਰਣ ਦੇ ਹੱਲ ਵਿਚ ਵੀ ਸਹਾਈ ਹੋਵੇਗਾ। ਇਸ ਤੋਂ ਇਲਾਵਾ ਪੰਜਾਬ 'ਚ ਮੈਡੀਕਲ ਟੂਰਿਜ਼ਮ ਦੀ ਦਿਲਚਸਪੀ ਵੱਧਣ ਨਾਲ ਸਥਾਨਕ ਅਰਥ ਵਿਵਸਥਾ ਨੂੰ ਵੀ ਭਰਪੂਰ ਹੁਲਾਰਾ ਮਿਲੇਗਾ।
ਇਸ ਸਕੀਮ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ 'ਚ ਭਾਰਤੀ ਅਤੇ ਬ੍ਰਿਟਿਸ਼ ਯੂਨੀਵਰਸਿਟੀਆਂ ਵੱਲੋਂ ਸਾਂਝੇ ਤੌਰ ‘ਤੇ ਸਿੱਖਿਆ ਦੇ ਸਕਣਗੀਆਂ। ਕੰਪਨੀ ਵੱਲੋਂ ਦਿੱਤੀ ਗਈ ਸਕੀਮ ਅਧੀਨ ਇਸ ਪ੍ਰਾਜੈਕਟ ਦੀ ਰਹਿੰਦ-ਖੂੰਹਦ ਵਿਚੋਂ ਘਰੇਲੂ ਗੈਸ ਅਤੇ ਕਿਸਾਨਾਂ ਲਈ ਆਰਗੈਨਿਕ ਖਾਦਾਂ ਵੀ ਤਿਆਰ ਕੀਤੀਆਂ ਜਾ ਸਕਣਗੀਆਂ। ਕਰਨ ਰੰਧਾਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦੇਸ਼ੀ ਨਿਵੇਸ਼ ਲਈ ਕੀਤੇ ਵਿਸ਼ੇਸ਼ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ, ਜਿਨ੍ਹਾਂ ਦੇ ਫਲਸਰੂਪ ਹੁਣ ਨਿਵੇਸ਼ਕ ਵੱਡੀ ਦਿਲਚਸਪੀ ਵਿਖਾ ਰਹੇ ਹਨ। ਇਹ ਤਜਵੀਜ਼ ਵੀ ਉਸੇ ਦਾ ਹਿੱਸਾ ਹੈ।