ਵੱਡੀ ਖ਼ਬਰ: ਕਪੂਰਥਲਾ ਪੁਲਸ ਵੱਲੋਂ 100 ਕਰੋੜ ਦੀ ਹੈਰੋਇਨ ਜ਼ਬਤ, ਦੋ ਨਸ਼ਾ ਤਸਕਰ ਗ੍ਰਿਫ਼ਤਾਰ
Tuesday, Aug 31, 2021 - 03:29 PM (IST)
 
            
            ਕਪੂਰਥਲਾ/ਚੰਡੀਗੜ੍ਹ (ਵਿਪਨ ਮਹਾਜਨ)- ਜੇਲ੍ਹਾਂ ਵਿੱਚ ਬੰਦ ਬਦਨਾਮ ਗੈਂਗਸਟਰਾਂ ਵੱਲੋਂ ਸ਼ੱਕੀ ਤੌਰ 'ਤੇ ਚਲਾਏ ਜਾ ਰਹੇ ਡਰੱਗ ਸਿੰਡੀਕੇਟ ਦਾ ਕਪੂਰਥਲਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਕਪੂਰਥਲਾ ਪੁਲਸ ਨੇ ਮੰਗਲਵਾਰ ਸਵੇਰ ਨੂੰ ਦੋ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ 100 ਕਰੋੜ ਰੁਪਏ ਦੀ ਕੀਮਤ ਦੀ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ਾ ਤਸਕਰਾਂ ਦੀ ਪਛਾਣ ਬਲਵਿੰਦਰ ਸਿੰਘ ਪਿੰਡ ਸਾਰੰਗਵਾਲ ਹੁਸ਼ਿਆਰਪੁਰ ਅਤੇ ਪੀਟਰ ਮਸੀਹ ਵਾਸੀ ਬਸਤੀ ਦਾਨਿਸ਼ਮੰਦਾ ਜਲੰਧਰ ਦੇ ਵਜੋਂ ਹੋਈ ਹੈ। ਦੋਵੇਂ ਤਸਕਰ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ: ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿਮਰਨਜੀਤ ਸਿੰਘ ਮਾਨ ਦਾ ਬੀਬੀ ਜਗੀਰ ਕੌਰ ਨੂੰ ਵੱਡਾ ਸਵਾਲ
ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਮੰਗਲਵਾਰ ਸਵੇਰੇ ਕਪੂਰਥਲਾ ਦੇ ਹਾਈਟੈੱਕ ਢਿੱਲਵਾਂ ਪੁਲਸ ਨਾਕੇ 'ਤੇ ਇਕ ਟਰੱਕ ਅਤੇ ਇਕ ਹੁੰਡਈ ਆਈ 20 ਕਾਰ ਨੂੰ ਰੋਕਿਆ। ਵਾਹਨਾਂ ਦੀ ਤਲਾਸ਼ੀ ਲੈਣ 'ਤੇ ਤਸਕਰਾਂ ਦੇ ਕਬਜ਼ੇ ਵਿਚੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ। ਡੀ. ਜੀ. ਪੀ. ਨੇ ਅੱਗੇ ਦੱਸਿਆ ਕਿ ਵਾਹਨਾਂ ਦੇ ਡਰਾਈਵਰਾਂ ਨੂੰ ਪੁਲਸ ਪਾਰਟੀ ਵੱਲੋਂ ਚੈਕ ਪੁਆਇੰਟ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅਲਰਟ ਪੁਲਸ ਵੱਲੋਂ ਉਨ੍ਹਾਂ ਨੂੰ ਥੋੜ੍ਹੀ ਦੇਰ ਪਿੱਛਾ ਕਰਨ ਤੋਂ ਬਾਅਦ ਮੌਕੇ' ਤੇ ਹੀ ਕਾਬੂ ਕਰ ਲਿਆ। ਡੀ. ਜੀ. ਪੀ. ਨੇ ਦੱਸਿਆ ਕਿ ਉਨ੍ਹਾਂ ਦੇ ਸਰੀਰ ਦੀ ਜਾਂਚ ਦੌਰਾਨ ਪੁਲਸ ਨੇ ਉਨ੍ਹਾਂ ਦੇ ਨਿੱਜੀ ਕਬਜ਼ੇ ਅਤੇ ਉਨ੍ਹਾਂ ਦੇ ਵਾਹਨਾਂ ਵਿੱਚੋਂ 20 ਪੈਕਟ ਹੈਰੋਇਨ (ਪ੍ਰਤੀ ਇਕ ਕਿਲੋ) ਬਰਾਮਦ ਕੀਤੇ।
ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਦੁਖ਼ੀ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਵਾਲੇ ਗਊਸ਼ਾਲਾ ਸੰਚਾਲਕ ਨੇ ਤੋੜਿਆ ਦਮ

ਇੰਝ ਲੁਕਾ ਕੇ ਰੱਖੀ ਗਈ ਸੀ ਹੈਰੋਇਨ
ਐੱਸ. ਐੱਸ. ਪੀ. ਕਪੂਰਥਲਾ ਐੱਚ. ਪੀ. ਐੱਸ. ਹਰਕਮਲਪ੍ਰੀਤ ਸਿੰਘ ਖੱਖ ਨੇ ਅੱਗੇ ਦੱਸਿਆ ਕਿ ਖੇਪ ਨੂੰ ਲੁਕਾਉਣ ਲਈ ਡਰੱਗ ਤਸਕਰਾਂ ਵੱਲੋਂ ਟਰੱਕ ਦੇ ਡਰਾਈਵਰ ਦੇ ਕੈਬਿਨ ਦੀ ਛੱਤ ਵਿੱਚ ਦੋ ਵਿਸ਼ੇਸ਼ ਬਕਸੇ ਬਣਾਏ ਗਏ ਸਨ।ਡੀ. ਜੀ. ਪੀ. ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਡਰੱਗ ਤਸਕਰਾਂ ਨੇ ਖ਼ੁਲਾਸਾ ਕੀਤਾ ਕਿ ਹੈਰੋਇਨ ਦੀ ਖੇਪ ਬਲਵਿੰਦਰ ਸਿੰਘ ਵੱਲੋਂ ਟਰੱਕ ਨੰਬਰ ਐੱਚ. ਆਰ. 55 ਕੇ 2510 ਵਿੱਚ ਸ੍ਰੀਨਗਰ ਦੀ ਪੂਰਮਰਾ ਮੰਡੀ ਤੋਂ ਤਸਕਰੀ ਕਰ ਲਿਆਂਦੀ ਗਈ ਸੀ ਅਤੇ ਪੀਟਰ ਮਸੀਹ ਨੇ ਉਸ ਤੋਂ ਖੇਪ ਪ੍ਰਾਪਤ ਕੀਤੀ ਸੀ। ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਨੂੰ ਇਸ ਮਾਮਲੇ ਵਿੱਚ ਨਾਰਕੋ-ਗੈਂਗਸਟਰ ਐਂਗਲ ਹੋਣ ਦਾ ਸ਼ੱਕ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੀਟਰ ਮਸੀਹ ਨੂੰ ਬਦਨਾਮ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਫਗਵਾੜਾ ਦੇ ਭਰਾ ਗਗਨਦੀਪ ਨੇ ਖੇਪ ਪ੍ਰਾਪਤ ਕਰਨ ਲਈ ਭੇਜਿਆ ਸੀ। ਪੁਲਸ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਅੱਗੇ ਦੀ ਜਾਂਚ ਲਈ ਉਨ੍ਹਾਂ ਦੇ ਪੁਲਸ ਰਿਮਾਂਡ ਦੀ ਮੰਗ ਕਰੇਗੀ ਤਾਂਕਿ ਪੁਲਸ ਇਸ ਡਰੱਗ ਸਿੰਡੀਕੇਟ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕੇ। ਇਸ ਤਰ੍ਹਾਂ, ਇਸ ਬਰਾਮਦਗੀ ਦੇ ਨਾਲ, ਪੰਜਾਬ ਪੁਲਸ ਨੇ ਪਿਛਲੇ 12 ਦਿਨਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ 400 ਕਰੋੜ ਰੁਪਏ ਦੀ ਕੀਮਤ ਦੀ 78 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਸ ਮਹਿਕਮੇ 'ਚ ਹੁਣ ਨਹੀਂ ਚੱਲੇਗਾ ਮਨਮਰਜ਼ੀ ਦਾ ਹੇਅਰ ਸਟਾਈਲ, ਜਾਰੀ ਹੋਏ ਨਵੇਂ ਹੁਕਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            