ਕਪੂਰਥਲਾ 'ਚ ਵਧਿਆ ਕੋਰੋਨਾ ਵਾਇਰਸ ਦਾ ਪ੍ਰਕੋਪ, ਲੋਕਾਂ 'ਚ ਵਧੀ ਦਹਿਸ਼ਤ

Tuesday, May 12, 2020 - 11:43 PM (IST)

ਕਪੂਰਥਲਾ,(ਮਹਾਜਨ)- ਵਿਸ਼ਵ ਭਰ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਜ਼ਿਲ੍ਹਾ ਕਪੂਰਥਲਾ 'ਚ ਵੀ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ। ਲਗਾਤਾਰ ਜ਼ਿਲ੍ਹੇ 'ਚ ਇਕ ਦੋ ਕੇਸ ਆਉਣ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਪਰ ਲੋਕ ਫਿਰ ਵੀ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ ਤੇ ਬੇਖੌਫ ਹੋ ਕੇ ਸੜਕਾਂ 'ਤੇ ਘੁੰਮ ਰਹੇ ਹਨ। ਉੱਥੇ ਹੀ ਮੰਗਲਵਾਰ ਨੂੰ ਸ਼ਹਿਰ ਦੇ ਨੇੜਲੇ ਪਿੰਡ ਨੂਰਪੁਰ ਦੋਨਾ ਦਾ ਰਹਿਣ ਵਾਲਾ 41 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਦਿੱਲੀ ਗਿਆ ਹੋਇਆ ਸੀ, ਜਿਸਦੀ ਆਉਂਦੇ ਸਮੇਂ ਨਵਾਂ ਸ਼ਹਿਰ 'ਚ ਡਾਕਟਰਾਂ ਵੱਲੋਂ ਸਕਰੀਨਿੰਗ ਕਰਨ ਤੋਂ ਬਾਅਦ ਉਸਨੂੰ ਸਿੱਧੇ ਕਪੂਰਥਲਾ ਦੇ ਪੀ.ਟੀ.ਯੂ 'ਚ ਕੁਆਰਨਟਾਈਨ ਕਰਵਾਇਆ ਗਿਆ। ਜਿਸ ਦੀ ਮੰਗਲਵਾਰ ਨੂੰ ਰਿਪੋਰਟ ਪਾਜ਼ੇਟਿਵ ਪਾਈ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਜਿੱਥੇ ਕਪੂਰਥਲਾ ਦੀ ਡੀ. ਸੀ. ਦੀ ਰਿਹਾਇਸ਼ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਅਮਨ ਨਗਰ ਵਾਸੀ ਡਾਕਟਰ ਪਾਜ਼ੇਟਿਵ ਆਇਆ ਸੀ, ਹੁਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੋਲ ਪਿੰਡ ਨੂਰਪੁਰ ਦਾ ਰਹਿਣ ਵਾਲਾ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਨਾਲ ਸਰਕਾਰੀ ਅਦਾਰਿਆਂ 'ਚ ਕੰਮ ਕਰਨ ਵਾਲਿਆਂ 'ਚ ਦਹਿਸ਼ਤ ਵੱਧ ਗਈ ਹੈ ਕਿਉਂਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਭ ਅਧਿਕਾਰੀ ਤੇ ਕਰਮਚਾਰੀ ਡਿਊਟੀ 'ਤੇ ਰੋਜ਼ਾਨਾ ਆਉਂਦੇ ਜਾਂਦੇ ਰਹਿੰਦੇ ਹਨ।

ਜ਼ਿਲ੍ਹੇ ਦੇ 157 ਸੈਂਪਲਾਂ ਦੀ ਰਿਪੋਰਟ ਆਉਣ ਬਾਕੀ
ਬੀਤੇ ਦਿਨੀ ਜ਼ਿਲ੍ਹੇ ਦੇ ਕੋਰੋਨਾ ਸੈਂਪਲਾਂ 'ਚ ਜਿੱਥੇ 180 ਦੀ ਰਿਪੋਰਟ ਪੈਂਡਿੰਗ ਪਈ ਸੀ, ਉਸ 'ਚ ਮੰਗਲਵਾਰ ਨੂੰ 89 ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ, ਜੋ ਕਿ ਨੈਗੇਟਿਵ ਪਾਏ ਗਏ ਹਨ। ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਸੈਂਪਲਾਂ ਦੀ ਗਿਣਤੀ 1282 ਤੱਕ ਪਹੁੰਚ ਚੁੱਕੀ ਹੈ। ਜਿਸ 'ਚ 700 ਦੀ ਰਿਪੋਰਟ ਨੈਗਟਿਵ ਪਾਈ ਗਈ ਹੈ। ਜਦਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਨੂਰਪੁਰ ਨਾਲ ਸਬੰਧਤ ਵਿਅਕਤੀ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 28 ਤੱਕ ਪਹੁੰਚ ਗਈ ਹੈ ਤੇ ਪੈਂਡਿੰਗ 157 ਚੱਲ ਰਹੇ ਹਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ 17 ਸੈਂਪਲ ਲਏ ਗਏ ਹਨ।
 

ਆਈਸੋਲੇਸ਼ਨ ਸੈਂਟਰ 'ਚ ਲਗਾਏ 100 ਬੈਡ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦਾ ਕਹਿਣਾ ਹੈ ਕੋਰੋਨਾ ਵਰਗੀ ਮਹਾਮਾਰੀ ਨਾਲ ਲੜਨ ਲਈ ਜ਼ਿਲ੍ਹੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜੋ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਜਿੱਥੇ ਰੈਪਿਡ ਰਿਸਪਾਂਸ ਟੀਮਾਂ ਉਨ੍ਹਾਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਤੇ ਉਨ੍ਹਾਂ ਦੀ ਰੋਜ਼ਾਨਾ ਕਾਉਂਸਲਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕੁਲਰ ਰੋਡ 'ਤੇ ਬਣਾਏ ਆਈਸੋਲੇਸ਼ਨ ਵਾਰਡ 'ਚ 100 ਦੇ ਕਰੀਬ ਬੈਡ ਲਗਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਬਾਹਰ ਨਿਕਲਦੇ ਸਮੇਂ ਮਾਸਕ, ਹੱਥਾਂ ਤੇ ਗਲਵਜ ਤੇ ਇੱਕ ਦੂਜੇ ਤੋਂ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ ਤਾਂ ਜੋ ਕੋਰੋਨਾ ਵਰਗੀ ਜਾਨਲੇਵਾ ਬੀਮਾਰੀ ਤੋਂ ਬਚਿਆ ਜਾ ਸਕੇ।


Deepak Kumar

Content Editor

Related News