ਕਾਰਜ ਸਾਧਕ ਅਫਸਰ ਨੇ ਕਾਲੀ ਵੇਈਂ ਨਾਲ ਬਣੇ ਕੂੜੇ ਦੇ ਡੰਪ ਦਾ ਲਿਆ ਜਾਇਜ਼ਾ
Wednesday, Apr 03, 2019 - 04:40 AM (IST)

ਕਪੂਰਥਲਾ (ਰਜਿੰਦਰ)-ਭੁਲੱਥ ਵਿਚੋਂ ਹੋ ਕੇ ਲੰਘਦੀ ਕਾਲੀ ਵੇਈਂ ਦੇ ਨਾਲ ਕੂੜਾ-ਕਰਕਟ ਦੇ ਡੰਪ ਸਬੰਧੀ ‘ਜਗ ਬਾਣੀ’ ਵਿਚ ਛਪੀ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਹੈ। ਜਿਸ ਦੇ ਤਹਿਤ ਨਗਰ ਪੰਚਾਇਤ ਭੁਲੱਥ ਦੇ ਕਾਰਜ ਸਾਧਕ ਅਫਸਰ ਚੰਦਰ ਮੋਹਨ ਭਾਟੀਆ ਨੇ ਅੱਜ ਕਾਲੀ ਵੇਈਂ ਨਾਲ ਬਣੇ ਉਕਤ ਡੰਪ ਦਾ ਜਾਇਜ਼ਾ ਲਿਆ। ਗੱਲਬਾਤ ਕਰਦਿਆਂ ਚੰਦਰ ਮੋਹਨ ਭਾਟੀਆ ਨੇ ਕਿਹਾ ਕਿ ਨਗਰ ਪੰਚਾਇਤ ਭੁਲੱਥ ਦਾ ਕੂੜੇ ਦਾ ਵੱਡਾ ਡੰਪ ਸ਼ਹਿਰ ਤੋਂ ਲੱਗਭਗ 2 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਅਤੇ ਵੇਈਂ ਚੌਕ ਨੇੜੇ ਕੂੜਾ-ਕਰਕਟ ਨੂੰ ਇਕੱਠਾ ਕਰਨ ਦਾ ਪੁਆਇੰਟ ਹੈ। ਜਿਸ ਨੂੰ ਵੇਈਂ ਦੀ ਪਵਿੱਤਰਤਾ ਕਰ ਕੇ ਆਉਣ ਵਾਲੇ 2-3 ਦਿਨਾਂ ਵਿਚ ਕਿਸੇ ਹੋਰ ਜਗ੍ਹਾ ’ਤੇ ਸ਼ਿਫਟ ਕੀਤਾ ਜਾਵੇਗਾ ਤੇ ਇਸ ਜਗ੍ਹਾ ਦੀ ਪੂਰੀ ਤਰ੍ਹਾਂ ਸਫਾਈ ਕਰਵਾਈ ਜਾ ਰਹੀ ਹੈ। ਇਸ ਮੌਕੇ ਨਗਰ ਪੰਚਾਇਤ ਦੇ ਕਰਮਚਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਦੱਸਣਯੋਗ ਹੈ ਕਿ ਵੇਈਂ ਨੇੜੇ ਕੂੜਾ-ਕਰਕਟ ਹੋਣ ਕਾਰਨ ਬਦਬੂ ਬਹੁਤ ਜ਼ਿਆਦਾ ਆਉਂਦੀ ਹੈ, ਜਿਸ ਕਰ ਕੇ ਲੋਕ ਇਸ ਤੋਂ ਪ੍ਰੇਸ਼ਾਨ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਸੜਕ ਕਿਨਾਰੇ ਕੂੜਾ ਕਰਕਟ ਪਿਆ ਹੈ, ਇਹ ਇਕੋ ਇਕ ਸੜਕ ਹੈ, ਜਿਥੋਂ ਬੇਗੋਵਾਲ, ਨਡਾਲਾ, ਟਾਂਡਾ ਤੇ ਮਕਸੂਦਪੁਰ ਸਾਈਡ ਤੋਂ ਆਉਣ ਵਾਲੇ ਲੋਕ ਲੰਘਦੇ ਹਨ। ਜਿਸ ਕਰ ਕੇ ‘ਜਗ ਬਾਣੀ’ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਨਗਰ ਪੰਚਾਇਤ ਭੁਲੱਥ ਦੇ ਪ੍ਰਸ਼ਾਸਨ ਵੱਲੋਂ ਇਹ ਵੱਡਾ ਐਲਾਨ ਆਇਆ ਹੈ ਕਿ ਇਸ ਜਗ੍ਹਾ ਦੀ ਪੂਰੀ ਤਰ੍ਹਾਂ ਸਫਾਈ ਕਰਵਾ ਦਿੱਤੀ ਜਾਵੇਗੀ।