ਦੁੱਧ ਉਤਪਾਦਕ ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਨਾ ਦਿੱਤਾ ਤਾਂ ਯੂਨੀਅਨ ਸਡ਼ਕਾਂ ’ਤੇ ਰੇਲਾਂ ਤਕ ਰੋਕੇਗੀ : ਲਿਟਾ

Sunday, Mar 31, 2019 - 04:49 AM (IST)

ਦੁੱਧ ਉਤਪਾਦਕ ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਨਾ ਦਿੱਤਾ ਤਾਂ ਯੂਨੀਅਨ ਸਡ਼ਕਾਂ ’ਤੇ ਰੇਲਾਂ ਤਕ ਰੋਕੇਗੀ : ਲਿਟਾ
ਕਪੂਰਥਲਾ (ਸਤਨਾਮ)-ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠਾਂ ਦੱਬੀ ਹੋਣ ਕਰ ਕੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਆਪਣੀਆਂ ਪੁੱਤਾਂ ਵਾਗੂੰ ਪਾਲੀਆਂ ਫਸਲਾਂ ਦਾ ਪੂਰਾ ਮੁੱਲ ਨਾ ਮਿਲਣ ਕਰ ਕੇ ਕਿਸਾਨ ਦਿਨੋਂ-ਦਿਨ ਗਰੀਬੀ ਰੇਖਾ ਵੱਲ ਵੱਧ ਰਹੇ ਹਨ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਕਿਸਾਨ ਸਖਤ ਮਿਹਨਤ ਕਰ ਕੇ ਕਰਜ਼ਾ ਚੁੱਕ ਕੇ ਕੀਮਤੀ ਪਸ਼ੂ ਰੱਖ ਕੇ ਦੁੱਧ ਦਾ ਉਤਪਾਦਨ ਕਰ ਰਹੇ ਹਨ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ ਪਰ ਪੰਜਾਬ ਵਿਚ ਕੁਝ ਮਿਲਕ ਪਲਾਂਟਾਂ ਵਲੋਂ ਨਕਲੀ ਦੁੱਧ ਬਣਾ ਕੇ ਕਿਸਾਨਾਂ ਦੇ ਵਧੀਆ ਕੁਆਲਿਟੀ ਦੇ ਦੁੱਧ ਨੂੰ ਕੌਡੀਆਂ ਦੇ ਭਾਅ ਖਰੀਦ ਕੇ ਦੁੱਧ ਉਤਪਾਦਕਾਂ ਨੂੰ ਖੁਦਕੁਸ਼ੀਆਂ ਕਰਨ ਦੇ ਰਾਹ ਵੱਲ ਤੋਰਨ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਕਤ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਜਸਬੀਰ ਸਿੰਘ ਲਿਟਾ ਨੇ ਅੱਜ ਆਪਣੇ ਸਾਥੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨਾਂ ਦੀ ਅਗਵਾਈ ਹੇਠ ਜਗਜੀਤ ਇੰਡਸਟਰੀਜ਼ ਦੇ ਮੇਨ ਗੇਟ ’ਤੇ ਫੈਕਟਰੀ ਦਾ ਘਿਰਾਓ ਕਰਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਜਗਜੀਤ ਇੰਡਸਟਰੀਜ਼ ਹਲਕੇ ਦੇ ਕਿਸਾਨਾਂ ਕੋਲੋਂ ਦੁੱਧ ਖਰੀਦ ਕੇ ਉਨ੍ਹਾਂ ਦੀ ਖੱਜਲ ਖੁਆਰੀ ਕਰ ਰਹੀ ਹੈ। ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਟਾਈਮ ’ਤੇ ਪੇਮੈਂਟ ਦਿੱਤੀ ਜਾ ਰਹੀ ਹੈ। ਜਿਸ ਨਾਲ ਕਿਸਾਨ ਦਿਨੋਂ-ਦਿਨ ਘਾਟੇ ਵੱਲ ਜਾ ਰਹੇ ਹਨ। ਇਸ ਮੌਕੇ ਵੱਖ-ਵੱਖ ਆਗੂਆਂ ਤੋਂ ਇਲਾਵਾ ਜ਼ਿਲਾ ਸਕੱਤਰ ਜਨਰਲ ਸਰਬਜੀਤ ਸਿੰਘ ਬਾਠ, ਪ੍ਰਧਾਨ ਜਗਜੀਤ ਸਿੰਘ ਔਜਲਾ ਮੁਦੋਵਾਲ ਨੇ ਕਿਹਾ ਕੇ ਪੰਜਾਬ ਦੇ ਸਾਰੇ ਮਿਲਕ ਪਲਾਂਟਾਂ ਨੇ ਜੇ ਕਿਸਾਨਾਂ ਤੋਂ ਦੁੱਧ ਸਹੀ ਰੇਟ ’ਤੇ ਨਾ ਖਰੀਦਿਆ ਤਾਂ ਸਾਰੇ ਮਿਲਕ ਪਲਾਂਟਾਂ ਦਾ ਵੱਡੇ ਪੱਧਰ ’ਤੇ ਘਿਰਾਓ ਕਰਨ ਤੋਂ ਇਲਾਵਾ ਯੂਨੀਅਨ ਸਡ਼ਕਾ ’ਤੇ ਰੇਲਾਂ ਤਕ ਜਾਮ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿਟਾ ਨੇ ਕਿਹਾ ਕੇ ਫੈਕਟਰੀ ਦੇ ਕਾਰਨ ਆਸ ਪਾਸ ਦੇ 20- 25 ਪਿੰਡਾਂ ਦਾ ਧਰਤੀ ਹੇਠਲਾ ਪਾਣੀ ਪ੍ਰਦੂਸ਼ਤ ਹੋ ਚੁੱਕਾ ਹੈ ਤੇ ਹਵਾ ’ਚ ਸੁਆਹ ਦੇ ਕਣ ਆ ਰਹੇ ਹਨ। ਜਿਸ ਨਾਲ ਵਾਤਾਵਰਣ ਪ੍ਰਦੂਸ਼ਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕੇ ਫੈਕਟਰੀ ਨਜ਼ਦੀਕੀ ਪਿੰਡਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਨੌਕਰੀਆਂ ਦੇ ਰਹੀ ਹੈ। ਉਨ੍ਹਾਂ ਕਿਹਾ ਸਾਡੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਫੈਕਟਰੀ ਦੇ ਜੀ. ਐੱਮ. ਦਲਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਪਾਸਾ ਵੱਟਦਿਆਂ ਫੈਕਟਰੀ ਦੇ ਫੂਡ ਡਵੀਜ਼ਨ ਦੇ ਅਫ਼ਸਰ ਸੁਨੀਲ ਕੁਮਾਰ ਰਾਜੂ ਦਾ ਮੋਬਾਇਲ ਨੰਬਰ ਦੇ ਦਿਤਾ ਜੋ ਸਵਿਚ ਆਫ ਸੀ। ਇਸ ਸਬੰਧੀ ਸੰਪਰਕ ਕਰਨ ’ਤੇ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਹਮੀਰਾ ਬਲਾਕ ਕਾਂਗਰਸ ਪ੍ਰਧਾਨ ਢਿਲਵਾਂ ਨੇ ਕਿਹਾ ਕੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈਣ ਦਾ ਹੱਕ ਹੈ ਪਰ ਇਸ ਤਰ੍ਹਾਂ ਵਪਾਰਕ ਅਦਾਰੇ ਦਾ ਮੇਨ ਗੇਟ ਬੰਦ ਕਰਨ ਦੀ ਬਜਾਏ ਰੱਲ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਦਲਬੀਰ ਸਿੰਘ ਨਾਨਕਪੁਰ ਜ਼ਿਲਾ ਮੀਤ ਪ੍ਰਧਾਨ , ਨਿਰਮਲ ਸਿੰਘ ਮੀਤ ਪ੍ਰਧਾਨ ਨਡਾਲਾ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਨਡਾਲਾ, ਸੁਰਿੰਦਰ ਸਿੰਘ ਸ਼ੇਰਗਿੱਲ ਬਲਾਕ ਪ੍ਰਧਾਨ ਭੁਲੱਥ, ਅਮਰੀਕ ਸਿੰਘ ਕੁਦੋਵਾਲ, ਜੱਗਾ ਸਿੰਘ ਇਬਰਾਹੀਮਵਾਲ, ਅਵਤਾਰ ਸਿੰਘ, ਸੂਰਤ ਸਿੰਘ, ਗੁਰਮੀਤ ਸਿੰਘ, ਟਹਿਲ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਹੀਰਾ ਸਿੰਘ, ਦਲਜੀਤ ਸਿੰਘ ਮੁਦੋਵਾਲ, ਚਰਨਜੀਤ ਸਿੰਘ, ਰਾਜਨ, ਕੁਲਬੀਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਕਿਸਾਨ ਵੀਰ ਹਾਜ਼ਰ ਸਨ।

Related News