550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ - ਡੱਬੀ ’ਚ
Wednesday, Mar 27, 2019 - 04:38 AM (IST)

ਕਪੂਰਥਲਾ (ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਭਗਤ ਧੰਨਾ ਜੀ, ਸਮੂਹ ਭਗਤਾਂ ਤੇ ਭੱਟ ਸਾਹਿਬਾਨਾਂ ਦੀ ਯਾਦ ਨੂੰ ਸਮਰਪਿਤ ਸਾਧ ਸੰਗਤ ਪਿੰਡ ਉੱਚਾ ਬੇਟ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 9ਵਾਂ ਤਿੰਨ ਰੋਜ਼ਾ ਰੂਹਾਨੀ ਕੀਰਤਨ ਦਰਬਾਰ ਗੁਰਦੁਆਰਾ ਲੰਗਰ ਸਾਹਿਬ ਉੱਚਾ ਬੇਟ ਵਿਖੇ ਸੰਤ ਬਾਬਾ ਲੀਡਰ ਸਿੰਘ ਜੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਿਸ ’ਚ ਦੂਜੀ ਰਾਤ ਦੇ ਸਮਾਗਮ ਦੌਰਾਨ ਭਾਈ ਹਰਨੇਕ ਸਿੰਘ ਖਾਲਸਾ ਕਥਾਵਾਚਕ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਹਰਪਾਲ ਸਿੰਘ ਕਥਾਵਾਚਕ ਸ੍ਰੀ ਫਤਿਹਗਡ਼੍ਹ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਸੁਣਾ ਕੇ ਗੁਰੂ-ਚਰਨਾਂ ਨਾਲ ਜੋਡ਼ਿਆ। ਗਿਆਨੀ ਹਰਪਾਲ ਸਿੰਘ ਨੇ ਸੰਗਤ ਨੂੰ ਸ਼ਰਧਾ ਭਾਵ ਨਾਲ ਬਾਣੀ ਪਡ਼੍ਹਨ ਤੇ ਸੇਵਾ ਕਰਨ ਦੀ ਪ੍ਰੇਰਨਾ ਕਰਦੇ ਹੋਏ ਕਿਹਾ ਕਿ ਅੱਜ ਸਾਡੇ ’ਚੋਂ ਸ਼ਰਧਾ ਭਾਵ ਉੱਠਦਾ ਜਾ ਰਿਹਾ ਹੈ ਤੇ ਅਸੀਂ ਗੱਲ-ਗੱਲ ’ਤੇ ਸ਼ੰਕਾ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਹੀ ਸਾਨੂੰ ਕੁਝ ਪ੍ਰਾਪਤੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਿੰਨਾ ਸ਼ਰਧਾ ਤੇ ਵਿਸ਼ਵਾਸ ਧਾਰ ਕੇ ਗੁਰੂ ਨੂੰ ਧਿਆਇਆ ਉਹੀ ਆਤਮਿਕ ਆਨੰਦ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ। ਇਸ ਸ਼ੁਭ ਮੌਕੇ ’ਤੇ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ’ਤੇ ਅਮਲ ਕਰਦੇ ਹੋਏ ਆਪਣੇ ਅੰਦਰੋਂ ਈਰਖਾ, ਦੁਵਿਧਾ ਤੇ ਆਪਸੀ ਕੁਡ਼ੱਤਣ ਖਤਮ ਕਰਨੀ ਚਾਹੀਦੀ ਹੈ। ਸਮਾਗਮ ’ਚ ਸੰਤ ਬਾਬਾ ਲੀਡਰ ਸਿੰਘ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਏ ਜਥਿਆਂ ਦਾ ਸਨਮਾਨ ਕੀਤਾ। ਸਮਾਗਮ ’ਚ ਬਲਾਕ ਸੰਮਤੀ ਮੈਂਬਰ ਗੁਰਿੰਦਰਪਾਲ ਸਿੰਘ ਭੁੱਲਰ , ਸਰਪੰਚ ਉੱਚਾ ਬੇਟ ਯਾਦਵਿੰਦਰ ਸਿੰਘ ਘੁੰਮਣ ਤੇ ਹੋਰਨਾਂ ਸੰਗਤਾਂ ਹਾਜ਼ਰੀ ਭਰੀ।