ਸ਼ਹਿਰ ’ਚ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਬਿਲਗਾ
Saturday, Mar 23, 2019 - 04:27 AM (IST)

ਕਪੂਰਥਲਾ (ਅਸ਼ਵਨੀ)-ਪਵਿੱਤਰ ਸ਼ਹਿਰ ਦੇ ਬਾਜ਼ਾਰ ਖਾਸ ਤੌਰ ’ਤੇ ਆਰੀਆ ਸਮਾਜ ਚੌਕ ’ਚ ਰੇਹਡ਼ੀ-ਫਡ਼੍ਹੀ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਬਿਆਂ ਕਾਰਨ ਲੱਗ ਰਹੇ ਟ੍ਰੈਫਿਕ ਜਾਮ ਦਾ ਸਖਤ ਨੋਟਿਸ ਲੈਂਦਿਆਂ ਨਗਰ ਕੌਂਸਲ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਉਹ ਆਪਣੀਆਂ ਦੁਕਾਨਾਂ ਅੱਗੇ ਨਿਯਮਾਂ ਦੇ ਉਲਟ ਸਾਮਾਨ ਨਾ ਰੱਖਣ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੇ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਫਤਰ ਨੂੰ ਕੁਝ ਲੋਕਾਂ ਵਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਸ਼ਹਿਰ ਦੇ ਮੁੱਖ ਆਰੀਆ ਸਮਾਜ ਚੌਕ ਵਿਚ ਕੀਤੇ ਗਏ ਕਬਜ਼ਿਆਂ ਕਾਰਨ ਟ੍ਰੈਫਿਕ ਦਾ ਬੁਰਾ ਹਾਲ ਹੈ। ਈ. ਓ. ਬਲਜੀਤ ਸਿੰਘ ਬਿਲਗਾ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੀ ਦਹਿਲੀਜ਼ ਤੋਂ ਬਾਹਰ ਸਾਮਾਨ ਨਾ ਰੱਖੇ ਅਤੇ ਨਾ ਹੀ ਆਪਣੀ ਦੁਕਾਨ ਅੱਗੇ ਕਿਸੇ ਸਬਜ਼ੀ ਜਾਂ ਫਲ-ਫਰੂਟ ਵੇਚਣ ਵਾਲੇ ਰੇਹਡ਼ੀ-ਫਡ਼੍ਹੀ ਵਾਲੇ ਨੂੰ ਖਡ਼੍ਹਨ ਦੇਵੇ।