ਡੇਰਾ ਸੈਯਦਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਈਆਂ ਜਾਣਗੀਆਂ : ਰਾਜੂ ਢਿੱਲੋਂ
Thursday, Mar 07, 2019 - 10:06 AM (IST)

ਕਪੂਰਥਲਾ (ਧੀਰ)-ਲੰਬੇ ਸਮੇਂ ਤੋਂ ਪਿੰਡ ਦੀ ਸਮੱਸਿਆ ਤੋਂ ਜੂਝ ਰਹੇ ਪਿੰਡ ਵਾਸੀਆਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਪਿੰਡ ਦੇ ਨੌਜਵਾਨ ਆਗੂ ਸਰਪੰਚ ਰਾਜੂ ਢਿੱਲੋਂ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਪਾਸੋਂ ਮਿਲੀ ਗ੍ਰਾਂਟ ਦਾ ਤੁਰੰਤ ਫਾਇਦਾ ਲੈਂਦੇ ਹੋਏ ਸਭ ਤੋਂ ਪਹਿਲਾਂ ਪਿੰਡ ਦੀ ਫਿਰਨੀ ਦਾ ਕੰਮ ਸ਼ੁਰੂ ਕਰਵਾਇਆ। ਇਸ ਸਮੇਂ ਸਰਪੰਚ ਰਾਜੂ ਢਿੱਲੋਂ ਨੇ ਦੱਸਿਆ ਕਿ ਪਿੰਡ ਦੀ ਮੁੱਖ ਸਮੱਸਿਆ ਫਿਰਨੀ ਦੀ ਸੀ, ਜਿਸਨੂੰ ਬਣਾਇਆਂ ਕਈ ਵਰ੍ਹੇ ਹੋ ਗਏ ਸਨ ਪ੍ਰੰਤੂ ਹਾਲੇ ਤਕ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਸੀ। ਇਸ ਤੋਂ ਇਲਾਵਾ ਪਿੰਡ ਦੀ ਆਮਦ ਮੌਕੇ ਮੁੱਖ ਰਸਤਾ ਵੀ ਬਹੁਤ ਖਸਤਾਹਾਲ ’ਚ ਸੀ ਤੇ ਕਾਫੀ ਘਟਨਾਵਾਂ ਵੀ ਵਾਪਰ ਚੁੱਕੀਆਂ ਸਨ। ਇਸ ਲਈ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ’ਤੇ ਪਿੰਡ ਦੇ ਵਿਕਾਸ ਵਾਸਤੇ ਉਨ੍ਹਾਂ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦੀ ਪਿੰਡ ਵਾਸੀਆਂ ਨੂੰ ਲੰਬੇ ਸਮੇਂ ਤੋਂ ਜ਼ਰੂਰਤ ਸੀ। ਸਰਪੰਚ ਢਿੱਲੋਂ ਨੇ ਸਪਸ਼ਟ ਕੀਤਾ ਕਿ ਪਿੰਡ ਵਾਸੀਆਂ ਨੇ ਜੋ ਉਨ੍ਹਾਂ ’ਤੇ ਭਰੋਸਾ ਪ੍ਰਕਟਾ ਕੇ ਪਿੰਡ ਦੇ ਸਰਪੰਚ ਵਜੋਂ ਮਾਨ ਬਖਸ਼ਿਆ ਹੈ, ਉਹ ਉਸਨੂੰ ਹਰ ਹਾਲਤ ’ਚ ਪੂਰਾ ਕਰਦੇ ਹੋਏ ਪਿੰਡ ਦਾ ਵਿਕਾਸ ਵਿਧਾਇਕ ਚੀਮਾ ਦੇ ਯਤਨਾਂ ਨਾਲ ਅਜਿਹਾ ਕਰਵਾਉਣਗੇ ਕਿ ਨਾ ਤਾਂ ਪਹਿਲਾਂ ਕਿਸੇ ਸਰਪੰਚ ਨੇ ਕੀਤਾ ਸੀ ਤੇ ਨਾ ਹੀ ਅੱਗੇ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸ਼ਰਨ ਸਿੰਘ ਥਿੰਦ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਬਲਜੀਤ ਕੌਰ, ਸੁਨੀਤਾ (ਸਾਰੇ ਪੰਚ ਮੈਂਬਰ), ਨਿਸ਼ਾਨ ਸਿੰਘ, ਪਾਲ ਸਿੰਘ ਸਾਬਕਾ ਪੰਚ, ਨਿਰਮਲ ਸਿੰਘ ਲਾਡੀ, ਪ੍ਰਕਾਸ਼, ਬਾਬਾ ਕਾਲਾ, ਪਰਮਜੀਤ ਸਿੰਘ, ਕਰਮਜੀਤ ਸਿੰਘ, ਹੈਪੀ, ਪਿਆਰਾ ਸਿੰਘ, ਮਨਦੀਪ ਸੈਕਟਰੀ ਆਦਿ ਹਾਜ਼ਰ ਸਨ।