ਸਾਨੂੰ ਆਪਣੇ ਗੁਰੂਆਂ ਦੇ ਵਚਨਾਂ ’ਤੇ ਪੂਰਨ ਭਰੋਸਾ ਰੱਖਣਾ ਚਾਹੀਦੈ : ਭਾਈ ਗੁਰਪ੍ਰੀਤ ਸਿੰਘ

Saturday, Feb 02, 2019 - 09:33 AM (IST)

ਸਾਨੂੰ ਆਪਣੇ ਗੁਰੂਆਂ ਦੇ ਵਚਨਾਂ ’ਤੇ ਪੂਰਨ ਭਰੋਸਾ ਰੱਖਣਾ ਚਾਹੀਦੈ : ਭਾਈ ਗੁਰਪ੍ਰੀਤ ਸਿੰਘ
ਕਪੂਰਥਲਾ (ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਮੈਨੇਜਰ ਭਾਈ ਜਰਨੈਲ ਸਿੰਘ ਤੇ ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ ਦੀ ਦੇਖ-ਰੇਖ ਹੇਠ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮੇਂ ਬਾਰਿਸ਼ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਸ਼ਰਧਾਲੂਆਂ ਵੱਲੋਂ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਕਥਾ ਵਾਚਕ ਨੇ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਸੁਣਾਈ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਹਿਮਾ ਦਾ ਗੁਣਗਾਇਨ ਕਰਦੇ ਹੋਏ ਕਿਹਾ ਕਿ ਦਰਬਾਰ ਸਾਹਿਬ ਦਾ ਮਹਾਤਮ ਬਹੁਤ ਵੱਡਾ ਹੈ, ਜਿਥੇ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਵਚਨਾਂ ’ਤੇ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ, ਜਿਨ੍ਹਾਂ ਗੁਰੂ ’ਤੇ ਭਰੋਸਾ ਰੱਖਿਆ ਉਨ੍ਹਾਂ ਨੂੰ ਪਾਤਸ਼ਾਹ ਅੱਗ ’ਚ ਪਏ ਨੂੰ ਵੀ ਤੱਤੀ ਹਵਾ ਨਹੀਂ ਲੱਗਣ ਦਿੰਦਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗੁਰਮਤਿ ਦੇ ਧਾਰਨੀ ਹੋਣਾ ਚਾਹੀਦਾ ਹੈ ਤੇ ਮਨਮੱਤ ਤਿਆਗ ਕਰ ਕੇ ਗੁਰੂ ਦੀ ਸ਼ਰਨ ਵਿਚ ਪੈਣਾ ਚਾਹੀਦਾ ਹੈ। ਇਸ ਉਪਰੰਤ ਹਜ਼ੂਰੀ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ। ਸਮਾਗਮ ’ਚ ਭਾਈ ਹਰਜਿੰਦਰ ਸਿੰਘ ਗ੍ਰੰਥੀ, ਮੈਨੇਜਰ ਜਰਨੈਲ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਐਡੀਸ਼ਨਲ ਮੈਨੇਜਰ, ਭੁਪਿੰਦਰ ਸਿੰਘ ਰਿਕਾਰਡ ਕੀਪਰ, ਰਣਜੀਤ ਸਿੰਘ ਠੱਟਾ, ਦਲੀਪ ਸਿੰਘ ਗ੍ਰੰਥੀ, ਸੁਰਿੰਦਰਪਾਲ ਸਿੰਘ ਸੇਵਾਦਾਰ, ਦਿਲਬਾਗ ਸਿੰਘ ਸੇਵਾਦਾਰ, ਸੰਪੂਰਨ ਸਿੰਘ, ਚੈਂਚਲ ਸਿੰਘ, ਅੰਗਰੇਜ਼ ਸਿੰਘ, ਸਲਵੰਤ ਸਿੰਘ, ਸਰਵਣ ਸਿੰਘ ਚੱਕਾਂ, ਕਸ਼ਮੀਰ ਸਿੰਘ ਗ੍ਰੰਥੀ, ਗੁਰਦੀਪ ਸਿੰਘ ਗ੍ਰੰਥੀ ਆਦਿ ਨੇ ਸ਼ਿਰਕਤ ਕੀਤੀ।

Related News