550 ਸਾਲਾ ਗੁਰਪੁਰਬ ਸਮਾਗਮ ਦੇ ਚੱਲ ਰਹੇ ਕਾਰਜਾਂ ਸਬੰਧੀ ਵਿਧਾਇਕ ਚੀਮਾ ਨੇ ਮੁੱਖ ਮੰਤਰੀ ਕੈਪਟਨ ਨਾਲ ਕੀਤੀ ਵਿਸ਼ੇਸ਼ ਮੀਟਿੰਗ

01/20/2019 12:54:55 PM

ਕਪੂਰਥਲਾ (ਧੀਰ)-ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਸਮਾਗਮ ਦੀਆਂ ਚੱਲ ਰਹੀਆਂ ਤਿਆਰੀਆਂ ਸਬੰਧੀ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ’ਚ ਵਿਧਾਇਕ ਨਵਤੇਜ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵਲੋਂ 549ਵੇਂ ਗੁਰਪੁਰਬ ਮੌਕੇ ਕੀਤੇ ਕਾਰਜ ਦੇ ਸ਼ੁਭ-ਆਰੰਭ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਸਮਾਂ ਬਹੁਤ ਜਲਦ ਬੀਤ ਰਿਹਾ ਹੈ ਇਸ ਲਈ ਵਿਕਾਸ ਕਾਰਜਾਂ ’ਚ ਹੋਰ ਤੇਜ਼ੀ ਲਿਆਉਣ ਲਈ ਵੱਖ-ਵੱਖ ਵਿਭਾਗਾਂ ਨੂੰ ਸਖਤ ਨਿਰਦੇਸ਼ ਦਿੱਤੇ ਜਾਣ। ਵਿਧਾਇਕ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਪ੍ਰਿੰ. ਸੈਕਟਰੀ ਤੇ ਹੋਰ ਉੱਚ ਅਧਿਕਾਰੀਆਂ ਵਿਕਾਸ ਕਾਰਜਾਂ ਨੂੰ ਜਲਦੀ ਤੇ ਤੈਅ ਸਮੇਂ ਨਿਪਟਾਉਣ ਦੇ ਹੁਕਮ ਦਿੱਤੇ ਤੇ ਕਿਹਾ ਕਿ ਇਸ ਕੰਮ ’ਚ ਦੇਰੀ ਤੇ ਲਾਪਰਵਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿੱਤ ਵਿਭਾਗ ਨੂੰ ਵੀ ਵਿਕਾਸ ਕਾਰਜਾਂ ਵਾਸਤੇ ਜਾਰੀ ਫੰਡਾਂ ’ਚ ਦੇਰੀ ਨਾ ਕਰਨ ਦੀ ਤਾਕੀਦ ਕੀਤੀ ਤੇ ਕਿਹਾ ਕਿ 550ਵੇਂ ਗੁਰਪੁਰਬ ਸਮਾਗਮ ਨੂੰ ਇਤਿਹਾਸਕ ਤੇ ਯਾਦਗਾਰੀ ਬਣਾਉਣਾ ਸਾਡਾ ਪਹਿਲਾ ਫਰਜ਼ ਹੈ ਤੇ ਸਰਕਾਰ ਇਸ ਕਾਰਜ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾਡ਼੍ਹੇਗੀ। ਮੁੱਖ ਮੰਤਰੀ ਕੈਪਟਨ ਸਾਹਿਬ ਨੇ 550ਵੇਂ ਗੁਰਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਜੁਡ਼ ਰਹੀਆਂ ਸੰਗਤਾਂ ਦੇ ਠਹਿਰਾਓ ਤੇ ਖਾਣ-ਪੀਣ ਸਬੰਧੀ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਟੈਂਟ ਸਿਟੀ ਦਾ ਨਿਰਮਾਣ ਕਰੇਗੀ ਤੇ ਜਿਸ ’ਚ ਸੰਗਤਾਂ ਲਈ ਸਾਰੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਚੀਮਾ ਨੂੰ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਤੇ ਕਿਹਾ ਕਿ ਪੰਚਾਇਤੀ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਬੇਹੱਦ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ ਪਿੰਡਾਂ ਦੇ ਲੋਕਾਂ ਨੇ ਪਾਰਟੀ ਦੇ ਪ੍ਰਤੀ ਵਿਸ਼ਵਾਸ ਤੇ ਭਰੋਸਾ ਪ੍ਰਗਟ ਕੀਤਾ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਭਰੋਸੇ ਨੂੰ ਟੁੱਟਣ ਨਾ ਦੇਈਏ ਤੇ ਵਿਕਾਸ ਕਾਰਜ ਬਗੈਰ ਭੇਦਭਾਵ ਤੋਂ ਕੀਤੇ ਜਾਣ। ਵਿਧਾਇਕ ਚੀਮਾ ਨੇ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਭਰੋਸਾ ਦਿੱਤਾ ਤੇ ਕਿਹਾ ਕਿ ਤੁਹਾਡੇ ਵਲੋਂ ਦਿੱਤੀ ਗਰਾਂਟ ਦਾ ਇਕ-ਇਕ ਪੈਸਾ ਹਲਕੇ ਦੇ ਪਿੰਡਾਂ ’ਤੇ ਖਰਚ ਹੋਵੇਗਾ ਤੇ ਇਹ ਸਾਰੇ ਕਾਰਜ ਤੈਅ ਸਮੇਂ ਤੋਂ ਪਹਿਲਾਂ ਹੀ ਕੀਤੇ ਜਾਣਗੇ। ਚੀਮਾ ਨੇ ਸਪਸ਼ਟ ਸ਼ਬਦਾਂ ’ਚ ਕਿਹਾ ਕਿ ਜੋ ਵੀ ਅਧਿਕਾਰੀ 550 ਸਾਲਾ ਗੁਰਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਸਾਹਿਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਵਿਰੁੱਧ ਵੀ ਸਰਕਾਰ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਫਿਰ ਦੁਹਰਾਇਆ ਕਿ 550 ਸਾਲਾ ਗੁਰਪੁਰਬ ਸਮਾਗਮ ਨੂੰ ਇਤਿਹਾਸਕ ਤੇ ਯਾਦਗਾਰ ਬਣਾਉਣਾ ਮੇਰਾ ਪਹਿਲਾ ਜ਼ਿੰਦਗੀ ਦਾ ਮੁੱਖ ਮੰਤਵ ਹੈ।

Related News