ਅਦਾਲਤ ਨੇ ਅਪਰਾਧਿਕ ਮਾਣਹਾਨੀ ਮਾਮਲੇ ''ਚ ਰਾਧੇ ਮਾਂ ਨੂੰ ਸੰਮਨ ਜਾਰੀ

06/05/2019 9:14:54 AM

ਕਪੂਰਥਲਾ (ਜ. ਬ ) : ਕਪੂਰਥਲਾ ਦੇ ਏ. ਸੀ. ਜੇ. ਐੱਮ. ਸ਼੍ਰੀਮਤੀ ਜਸਵੀਰ ਕੌਰ ਨੇ ਫਗਵਾੜਾ ਦੇ ਸੁਰਿੰਦਰ ਮਿੱਤਲ ਵਲੋਂ ਦਾਇਰ ਅਪਰਾਧਿਕ ਮਾਣਹਾਨੀ ਕੇਸ ਵਿਚ ਵਿਵਾਦਿਤ ਧਰਮਗੁਰੂ ਰਾਧੇ ਮਾਂ ਨੂੰ ਸੰਮਨ ਜਾਰੀ ਕਰ 26 ਅਗਸਤ 2019 ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਸੁਰਿੰਦਰ ਮਿੱਤਲ ਨੇ 2015 ਵਿਚ ਰਾਧੇ ਮਾਂ ਦੇ ਖਿਲਾਫ ਫਗਵਾੜਾ ਦੀ ਅਦਾਲਤ ਵਿਚ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਬਾਅਦ ਵਿਚ ਇਸ ਕੇਸ ਨੂੰ ਕਪੂਰਥਲਾ ਟਰਾਂਸਫਰ ਕਰ ਦਿੱਤਾ ਗਿਆ ਸੀ। 

ਜ਼ਿਕਰਯੋਗ ਹੈ ਕਿ 2015 ਵਿਚ ਸੁਰਿੰਦਰ ਮਿੱਤਲ ਨੇ ਇਕ ਆਡੀਓ ਕਲਿਪ ਜਾਰੀ ਕਰ ਇਹ ਦਾਅਵਾ ਕੀਤਾ ਸੀ ਕਿ ਸੁਖਵਿੰਦਰ ਕੌਰ ਉਰਫ ਰਾਧੇ ਮਾਂ ਉਸ ਨੂੰ ਫੋਨ ਕਰ ਕੇ ਵਾਰ-ਵਾਰ ਪ੍ਰੇਸ਼ਾਨ ਕਰਦੀ ਹੈ, ਉਸ ਦੇ ਖਿਲਾਫ ਨਾ ਬੋਲਣ ਲਈ ਪੈਸਿਆਂ ਦਾ ਲਾਲਚ ਦਿੰਦੀ ਹੈ। ਜਦੋਂ ਮਿੱਤਲ ਉਸ ਦੇ ਪੈਸਿਆਂ ਦੇ ਜਾਲ ਵਿਚ ਨਹੀਂ ਫਸਿਆ ਤਾਂ ਉਸ ਨੇ ਪਿਆਰ ਦੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਫਿਰ ਵੀ ਗੱਲ ਨਾ ਬਣੀ ਤਾਂ ਉਸ ਨੇ ਭਸਮ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸਾਰਾ ਕੁਝ ਆਡੀਓ ਕਲਿਪ ਵਿਚ ਰਿਕਾਰਡ ਹੈ ਅਤੇ ਇਸ ਦੀ ਇਲੈਕਟ੍ਰਾਨਿਕ ਨਿਊਜ਼ ਚੈਨਲਾਂ ਅਤੇ ਪ੍ਰਿੰਟ ਮੀਡੀਆ ਵਿਚ ਕਾਫੀ ਚਰਚਾ ਵੀ ਹੋਈ।

ਰਾਧੇ ਮਾਂ ਨੇ ਬਾਅਦ ਵਿਚ ਇਕ ਹਿੰਦੀ ਅਖਬਾਰ (ਪੰਜਾਬ ਕੇਸਰੀ ਨਹੀਂ) ਵਿਚ ਇਹ ਬਿਆਨ ਦਿੱਤਾ ਸੀ ਕਿ ' ਸੁਰਿੰਦਰ ਮਿੱਤਲ, ਜੋ ਖੁਦ ਜਬਰ ਜ਼ਨਾਹ ਦਾ ਦੋਸ਼ੀ ਹੈ, ਉਹ ਮੇਰੇ 'ਤੇ ਦੋਸ਼ ਲਾ ਰਿਹਾ ਹੈ, ਬੇਮਤਲਬ ਦੀਆਂ ਗੱਲਾਂ ਕਰ ਰਿਹਾ ਹੈ, ਮਿੱਤਲ 'ਤੇ ਵੱਖ-ਵੱਖ ਥਾਣਿਆਂ ਵਿਚ ਚਾਰ ਜਗ੍ਹਾ ਜਬਰ ਜ਼ਨਾਹ ਦੇ ਦੋਸ਼ ਹਨ। ਸੰਜੀਵ ਗੁਪਤਾ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮਿੱਤਲ 'ਤੇ ਵੱਖ-ਵੱਖ ਮਾਮਲਿਆਂ ਵਿਚ 40 ਤੋਂ ਵੱਧ ਮੁਕੱਦਮੇ ਦਰਜ ਹਨ। ਅਜਿਹੇ ਵਿਚ ਇਸ ਵਿਅਕਤੀ 'ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ।''

ਰਾਧੇ ਮਾਂ ਦੇ ਇਸ ਝੂਠੇ ਬਿਆਨ ਨੂੰ ਲੈ ਕੇ ਸੁਰਿੰਦਰ ਮਿੱਤਲ ਨੇ ਉਨ੍ਹਾਂ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਸੀ। ਚਾਰ ਸਾਲਾਂ ਤੱਕ ਅਦਾਲਤ ਵਿਚ ਸੁਣਵਾਈ ਚੱਲਦੀ ਰਹੀ ਤੇ ਹੁਣ ਮਾਣਯੋਗ ਏ. ਸੀ. ਜੇ. ਐੱਮ. ਸ਼੍ਰੀਮਤੀ ਜਸਬੀਰ ਕੌਰ ਨੇ ਮਿੱਤਲ ਦੇ ਵਕੀਲ ਜੇ. ਜੇ. ਐੱਸ. ਅਰੋੜਾ ਦੀ ਦਲੀਲ ਸੁਣਨ ਤੋਂ ਬਾਅਦ ਰਾਧੇ ਮਾਂ ਨੂੰ 26 ਅਗਸਤ ਨੂੰ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ। ਹੁਣ ਦੇਖਣਾ ਹੈ ਕਿ ਰਾਧੇ ਮਾਂ ਦਾ ਇਸ ਹੁਕਮ ਤੋਂ ਬਾਅਦ ਕੀ ਰੁਖ ਹੋਵੇਗਾ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ।


Baljeet Kaur

Content Editor

Related News