ਕਪੂਰਥਲਾ ਦੇ ਹਰਮਿੰਦਰ ਨੇ ਮਿਸਟਰ ਵਰਲਡ ਦਾ ਜਿੱਤਿਆ ਖਿਤਾਬ, ਪੰਜਾਬ ਦਾ ਵਧਾਇਆ ਮਾਣ
Friday, Oct 23, 2020 - 08:20 PM (IST)
ਕਪੂਰਥਲਾ: ਜ਼ਿਲ੍ਹੇ ਦੇ ਪਿੰਡ ਦੂਲੋਵਾਲ ਦੇ ਨੌਜਵਾਨ ਤੇ ਰੈਡ ਜਿਮ ਦੇ ਮਾਲਕ ਹਰਮਿੰਦਰ ਦੂਲੋਵਾਲ ਨੇ ਮਿਸਟਰ ਵਰਲਡ ਖਿਤਾਬ ਆਪਣੇ ਨਾਮ ਕਰ ਕੇ ਕਪੂਰਥਲਾ ਜ਼ਿਲ੍ਹੇ ਸਮੇਤ ਪੰਜਾਬ ਦਾ ਮਾਣ ਵਧਾਇਆ ਹੈ ਅਤੇ ਵਿਦੇਸ਼ਾਂ 'ਚ ਭਾਰਤ ਦਾ ਨਾਮ ਵੀ ਚਮਕਾ ਰਿਹਾ ਹੈ। ਅਵਤਾਰ ਸਿੰਘ ਦੂਲੋਵਾਲ ਦੇ ਘਰ ਜੰਮੇ ਮਾੜਕੂ ਜਿਹੇ ਜੁਆਕ ਦੀ ਸਿਹਤ ਵੇਖ ਕੇ ਤਾਂ ਅਕਸਰ ਹੀ ਲੋਕ ਮਜ਼ਾਕ ਕਰਦੇ ਸੀ ਕਿ ਆਹ ਕੋਈ ਜੱਟਾਂ ਦਾ ਪੁੱਤ ਹੈ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਕਮਜ਼ੋਰ ਨੌਜਵਾਨ ਜਦੋਂ ਆਪਣੇ ਜ਼ਿਲ੍ਹੇ ਸਮੇਤ ਪੂਰੇ ਭਾਰਤ ਦਾ ਨਾਮ ਰੋਸ਼ਨ ਕਰੇਗਾ ਅਤੇ ਵਿਸ਼ਵ ਪੱਧਰੀ ਪਛਾਣ ਬਣਾ ਲਵੇਗਾ। 32 ਸਾਲਾ ਮਿਸਟਰ ਵਰਲਡ ਹਰਮਿੰਦਰ ਦੂਲੋਵਾਲ ਨੇ ਬਚਪਨ ਤੋਂ ਹੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਜਦੋਂ ਉਹ ਸਕੂਲ 'ਚ ਪੜਦੇ ਹੋਏ ਕਿਸੇ ਨਾਲ ਆਪਣਾ ਬਾਡੀ ਬਿਲਡਰ ਦਾ ਸੁਪਨਾ ਸਾਂਝਾ ਕਰਦਾ ਸੀ ਤਾਂ ਲੋਕ ਆਪੋ-ਆਪਣੀ ਭਾਸ਼ਾ 'ਚ ਉਸ ਨੂੰ ਟਿੱਚਰਾਂ ਕਰਦੇ ਸਨ।
ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਹਰਮਿੰਦਰ ਖਾਲਸਾ ਕਾਲਜ ਜਲੰਧਰ ਵਿਖੇ ਬੀਏ ਕਰਨ ਲਈ ਦਾਖਲ ਹੋਇਆ ਪਰ ਉਥੇ ਕਾਲਜ ਦਾ ਸਪੋਰਟਸ ਕਲਚਰ ਦੇਖ ਕੇ ਬਾਡੀ ਬਿਲਡਿੰਗ ਲਈ ਜੂਝਦੇ ਖਿਡਾਰੀਆਂ ਦਾ ਉਸ ਨੂੰ ਸਾਥ ਲੱਭ ਗਿਆ ਤੇ ਪੜਾਈ ਵੱਲੋਂ ਧਿਆਨ ਹੱਟ ਗਿਆ ਤੇ ਨਵੇਂ ਬਣਾਏ ਟਰੇਨਿੰਗ ਸ਼ਡਿਊਲ ਵੱਲ ਸਮਰਪਿਤ ਹੋ ਗਿਆ। ਇਸ ਪਾਸੇ ਪੂਰੀ ਨਾ ਪੈਂਦੀ ਵੇਖ ਘਰਦਿਆਂ ਨੇ ਉਸ ਨੂੰ ਟਰੈਕਟਰ ਨਵਾਂ ਲੈ ਦਿੱਤਾ ਤੇ ਕਿਹਾ ਕਿ ਛੱਡ ਪਰੇ ਜੱਟਾਂ ਦੇ ਪੁੱਤ ਵਾਹੀ ਕਰਦੇ ਹੀ ਚੰਗੇ ਲੱਗਦੇ ਹਨ ਪਰ ਯੂਨੀਵਰਸਿਟੀ ਮੁਕਾਬਲੇ ਜਦੋਂ ਆਏ ਤਾਂ ਉਸਦੇ ਪਹਿਲਾ ਬੈਜ ਹੀ ਯੂਨੀਵਰਸਿਟੀ ਚੈਪੀਅਨ ਦਾ ਲੱਗ ਗਿਆ। ਆਲ ਇੰਡੀਆ ਇੰਟਰ ਯੂਨੀਵਰਸਿਟੀ ਦੀ ਸਿਲੈਕਸ਼ਨ ਤੇ ਸਿਲਵਰ ਮੈਡਲ ਮਿਲਣ ਨਾਲ ਉਸ ਦੇ ਸੁਪਨੇ ਸਾਕਾਰ ਹੋਣੇ ਸ਼ੁਰੂ ਹੋ ਗਏ। ਬੀ. ਏ. ਮਗਰੋਂ ਪੰਜਾਬੀ ਯੂਨੀਵਰਸਿਟੀ 'ਚ ਹਰਮਿੰਦਰ ਨੇ ਫਿਜ਼ੀਕਲ ਐਜੂਕੇਸ਼ਨ ਦੀ ਐਮ. ਏ. 'ਚ ਦਾਖਲਾ ਲੈ ਲਿਆ ਤੇ ਐਮ. ਫਿੱਲ ਵੀ ਨਾਲ ਹੀ ਕਰ ਲਈ। ਇਥੇ ਪੜ੍ਹਦਿਆਂ ਹੀ ਆਲ ਇੰਡੀਆ ਅੰਤਰ ਯੁਨੀਵਰਸਿਟੀ ਮੁਕਾਬਲਿਆਂ 'ਚ ਉਸ ਨੇ ਹਿੱਸਾ ਲਿਆ ਤੇ ਗੋਲਡ ਮੈਡਲ ਵੀ ਹਾਸਲ ਕੀਤੇ।
ਹਰਮਿੰਦਰ ਨੇ ਬਾਡੀ ਬਿਲਡਿੰਗ ਲਈ ਹੀ ਨਹੀਂ ਬਲਕਿ ਹਰ ਖੇਡ 'ਚ ਉਚ ਸਥਾਨ ਹਾਸਲ ਕਰਨ ਲਈ ਮਾਸਾਹਾਰੀ ਖੁਰਾਕ ਨਾਲੋਂ ਸ਼ਾਕਾਹਾਰੀ ਖੁਰਾਕ ਦਾ ਸੇਵਨ ਕੀਤਾ ਅਤੇ ਕਪੂਰਥਲੇ ਹੀ ਉਸ ਨੇ ਆਪਣਾ ਰੈਡ ਜਿੰਮ ਖੋਲ੍ਹ ਲਿਆ। ਹਰਮਿੰਦਰ ਨੇ 2015 'ਚ ਵਰਲਡ ਫਿੱਟਨੈਸ ਫੈਡਰੇਸ਼ਨ ਵਲੋਂ ਹੋਏ ਮੁਕਾਬਲਿਆਂ 'ਚ ਮਿਸਟਰ ਵਰਲਡ ਦਾ ਖਿਤਾਬ ਹਾਸਲ ਕੀਤਾ, ਜਦਕਿ 2016, 2017, ਤੇ 2018 'ਚ ਮਿਸਟਰ ਏਸ਼ੀਆ ਹੋਣ ਦਾ ਵੀ ਖਿਤਾਬ ਵੀ ਹਾਸਲ ਕੀਤਾ। ਮਸਲ ਸਿੰਘਾਪੁਰ ਮੁਕਾਬਲੇ 2017 ਦਾ ਖਿਤਾਬ ਵੀ ਉਸ ਨੇ ਹਾਸਲ ਕੀਤਾ। ਉਥੇ ਹੀ ਉਸ ਵਲੋਂ ਕਪੂਰਥਲਾ 'ਚ ਖੋਲ੍ਹੇ ਗਏ ਰੈਡ ਜਿੰਮ 'ਚ ਟਰੇਨਿੰਗ ਲੈਣ ਵਾਲੇ 50 ਤੋਂ ਵੱਧ ਬਾਡੀ ਬਿਲਡਰ ਕੌਮਾਂਤਰੀ ਪੱਧਰ 'ਤੇ ਮਾਣਯੋਗ ਪ੍ਰਾਪਤੀਆਂ ਸਦਕਾ ਇਸ ਖੇਤਰ 'ਚ ਮਾਣ ਹਾਸਲ ਕਰ ਰਹੇ ਹਨ।