ਪੀਅਰੇ ਜੇਨਰੇ ਦੀਆਂ ਕੰਗਾਰੂ ਕੁਰਸੀਆਂ ਅਮਰੀਕਾ ’ਚ ਹੋਣਗੀਆਂ ਨਿਲਾਮ, ਨਿਲਾਮੀ ਰੋਕਣ ਦੀ ਕੀਤੀ ਮੰਗ
Sunday, Jul 30, 2023 - 04:26 PM (IST)
ਚੰਡੀਗੜ੍ਹ (ਰਜਿੰਦਰ ਸ਼ਰਮਾ) : ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ’ਚ ਨਿਲਾਮੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਿਛਲੇ ਮਹੀਨੇ 6 ਜੂਨ ਨੂੰ ਅਮਰੀਕਾ ’ਚ ਇਕ ਵੱਡੀ ਨਿਲਾਮੀ ਹੋਈ ਸੀ, ਜਿਸ ਵਿਚ ਚੰਡੀਗੜ੍ਹ ਦੀਆਂ 10 ਵਿਰਾਸਤੀ ਵਸਤੂਆਂ 79.16 ਲੱਖ ਰੁਪਏ ’ਚ ਵਿਕੀਆਂ ਸਨ। ਹੁਣ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਐਤਵਾਰ ਅਮਰੀਕਾ ਵਿਚ ਹੀ ਨਿਲਾਮੀ ਹੋਣ ਜਾ ਰਹੀ ਹੈ, ਜਿਸ ਸਬੰਧੀ ਚੰਡੀਗੜ੍ਹ ਹੈਰੀਟੇਜ ਆਈਟਮ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਭੇਜੀ ਹੈ, ਤਾਂ ਜੋ ਇਸ ਨਿਲਾਮੀ ਨੂੰ ਰੋਕਣ ਲਈ ਯਤਨ ਕੀਤੇ ਜਾ ਸਕਣ। ਜੱਗਾ ਨੇ ਸ਼ਿਕਾਇਤ ’ਚ ਕਿਹਾ ਕਿ ਆਰਕੀਟੈਕਟ ਪੀਅਰੇ ਜੈਨਰ ਵਲੋਂ ਡਿਜ਼ਾਈਨ ਕੀਤੀਆਂ ਕੰਗਾਰੂ ਕੁਰਸੀਆਂ ਦਾ ਜੋੜਾ ਅਮਰੀਕਾ ’ਚ ਨਿਲਾਮ ਕੀਤਾ ਜਾ ਰਿਹਾ ਹੈ, ਜਿਸ ਦੀ ਕੀਮਤ 4.10 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਨਿਲਾਮੀ ਦੇ ਨਾਲ-ਨਾਲ ਭਵਿੱਖ ਵਿਚ ਵੀ ਅਜਿਹੀਆਂ ਨਿਲਾਮੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਫਰਨੀਚਰ ਦੀ ਸਾਂਭ-ਸੰਭਾਲ ਸਬੰਧੀ ਸੰਸਦ ਨੂੰ ਫੈਸਲਾ ਲੈਣਾ ਚਾਹੀਦਾ ਹੈ। ਹਰ ਸਾਲ ਕਰੋਡ਼ਾਂ ਰੁਪਏ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ਵਿਚ ਨਿਲਾਮੀ ਹੁੰਦੀ ਹੈ। ਇਹ ਉਦੋਂ ਹੋ ਰਿਹਾ ਹੈ, ਜਦੋਂ ਐੱਮ. ਐੱਚ. ਏ. ਨੇ ਵਿਰਾਸਤੀ ਫਰਨੀਚਰ ਦੀ ਨਿਲਾਮੀ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਨਾਂ ’ਤੇ ਧੋਖਾਦੇਹੀ : ਪੀੜਤ ਪਰਿਵਾਰਾਂ ਵਲੋਂ ਟ੍ਰੈਵਲ ਏਜੰਟ ਦੀ ਕੋਠੀ ਅੱਗੇ ਧਰਨਾ
‘ਮਾਮਲੇ ਦੀ ਹੋਣੀ ਚਾਹੀਦੀ ਹੈ ਜਾਂਚ’
ਜੱਗਾ ਨੇ ਕਿਹਾ ਕਿ ਵਿਰਾਸਤੀ ਫਰਨੀਚਰ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਪ੍ਰਸ਼ਾਸਨ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਵਿਰਾਸਤੀ ਫਰਨੀਚਰ ਦੀ ਇਸ ਤਰ੍ਹਾਂ ਦੀ ਨਿਲਾਮੀ ’ਚ ਕਾਰਵਾਈ ਦੇ ਨਾਲ-ਨਾਲ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਇਹ ਵਿਰਾਸਤੀ ਫਰਨੀਚਰ ਦੇਸ਼ ਤੋਂ ਬਾਹਰ ਕਿਵੇਂ ਪਹੁੰਚ ਰਿਹਾ ਹੈ? ਨਾਲ ਹੀ ਉਨ੍ਹਾਂ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਵੇ, ਜਿਨ੍ਹਾਂ ਦੀ ਵਰਤੋਂ ਕਰ ਕੇ ਫਰਨੀਚਰ ਵਿਦੇਸ਼ ਲਿਜਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ’ਚ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਨਿਊਜਰਸੀ ਦੇ ਨਿਲਾਮੀ ਘਰ ਨੇ ਚੰਡੀਗੜ੍ਹ ਦੀਆਂ 9 ਵਿਰਾਸਤੀ ਵਸਤਾਂ ਦੀ ਨਿਲਾਮੀ ਕੀਤੀ ਸੀ, ਜੋ 1.17 ਕਰੋਡ਼ ਰੁਪਏ ਵਿਚ ਵਿਕੀਆਂ ਸਨ।
ਇਹ ਵੀ ਪੜ੍ਹੋ : ਹਸਪਤਾਲ ’ਚ ਪੇਟ ਦਰਦ ਤੋਂ ਬਾਅਦ ਚੈੱਕਅਪ ਲਈ ਪਹੁੰਚੀ ਕੁੜੀ, ਰਿਪੋਰਟ ਜਾਣ ਹੈਰਾਨ ਰਹਿ ਗਿਆ ਪਰਿਵਾਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8