ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤਾਂ ''ਚ ਤਾਰਬੰਦੀ ਕਰਨ ''ਤੇ ਮਿਲੇਗੀ 50 ਫੀਸਦੀ ਸਬਸਿਡੀ

Thursday, Nov 22, 2018 - 08:48 AM (IST)

ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤਾਂ ''ਚ ਤਾਰਬੰਦੀ ਕਰਨ ''ਤੇ ਮਿਲੇਗੀ 50 ਫੀਸਦੀ ਸਬਸਿਡੀ

ਚੰਡੀਗੜ੍ਹ (ਕਮਲ)— ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਜੰਗਲੀ ਜਾਨਵਰਾਂ ਦੇ ਨੁਕਸਾਨ ਤੋਂ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕਦਿਆਂ ਖੇਤਾਂ ਦੀ ਤਾਰਬੰਦੀ ਕਰਨ ਲਈ ਸਬਸਿਡੀ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਨੂੰ ਆਪਣੇ ਵਾਹੀਯੋਗ ਖੇਤਾਂ ਦੀ ਤਾਰਬੰਦੀ ਕਰਨ 'ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਕੰਢੀ ਖੇਤਰ ਦੇ ਕਿਸਾਨਾਂ ਨੂੰ ਤਾਰਬੰਦੀ ਕਰਨ ਲਈ 50 ਫੀਸਦੀ ਜਦਕਿ ਕਿਸਾਨਾਂ ਵਲੋਂ ਸੈਲਫ਼ ਹੈਲਪ ਗਰੁੱਪ ਬਣਾ ਕੇ ਕੀਤੀ ਗਈ ਤਾਰਬੰਦੀ ਲਈ 60 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਡੇਦਾਰ ਤਾਰ, ਲੱਕੜ ਦੀਆਂ ਬੱਲੀਆਂ ਜਾਂ ਲੱਕੜ ਦੇ ਫੈਂਸਪੋਸਟਾਂ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ 125 ਰੁਪਏ ਪ੍ਰਤੀ ਮੀਟਰ ਜਦਕਿ ਕਿਸਾਨਾਂ ਦੇ ਸੈਲਫ਼-ਹੈਲਪ ਗਰੁੱਪਾਂ ਨੂੰ ਵੱਧ ਤੋਂ ਵੱਧ 150 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕੰਡੇਦਾਰ ਤਾਰ, ਸੀਮੈਂਟ ਜਾਂ ਐਂਗਲ ਆਇਰਨ ਦੀ ਫੈਂਸਪੋਸਟ ਲਈ ਕਿਸਾਨਾਂ ਨੂੰ 175 ਰੁਪਏ ਪ੍ਰਤੀ ਮੀਟਰ ਅਤੇ ਕਿਸਾਨਾਂ ਦੇ ਸੈਲਫ਼-ਹੈਲਪ ਗਰੁੱਪਾਂ ਨੂੰ 210 ਰੁਪਏ ਪ੍ਰਤੀ ਮੀਟਰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰੂਪਨਗਰ, ਐੱਸ.ਏ.ਐੱਸ. ਨਗਰ, ਦਸੂਹਾ, ਪਠਾਨਕੋਟ, ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਕਿਸਾਨ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਣਗੇ।


author

cherry

Content Editor

Related News