ਸਭ ਦੇ ਹਰਮਨ ਪਿਆਰੇ ਨੇਤਾ ਸਨ ਕਮਲ ਸ਼ਰਮਾ, ਇੰਝ ਰਿਹਾ ਉਨ੍ਹਾਂ ਦਾ ਸਿਆਸੀ ਸਫਰ

10/27/2019 3:47:41 PM

ਫਿਰੋਜ਼ਪੁਰ (ਕੁਮਾਰ)— ਭਾਜਪਾ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਅੱਜ ਸਵੇਰੇ ਫਿਰੋਜ਼ਪੁਰ 'ਚ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਮੌਤ ਤੋਂ ਕੁਝ ਹੀ ਮਿੰਟ ਪਹਿਲਾਂ ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਉਹ 49 ਸਾਲ ਦੇ ਸਨ। ਉਹ ਬਚਪਨ ਤੋਂ ਆਰ. ਐੱਸ. ਐੱਸ. ਅਤੇ ਏ. ਬੀ. ਵੀ. ਪੀ. ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਸਾਰੀ ਜ਼ਿੰਦਗੀ ਸੰਘ ਅਤੇ ਏ. ਬੀ. ਪੀ. ਲਈ ਬਹੁਤ ਕੰਮ ਕੀਤਾ ਅਤੇ ਕਾਰਜਕਰਤਾ ਦੇ ਰੂਪ 'ਚ ਸਖਤ ਮਿਨਹਤ ਕੀਤੀ।

PunjabKesari

ਜਾਣੋ ਕਮਲ ਸ਼ਰਮਾ ਦਾ ਸਿਆਸੀ ਸਫਰ
ਕਮਲ ਸ਼ਰਮਾ ਹਰਮਨ ਪਿਆਰੇ ਭਾਜਪਾ ਨੇਤਾ ਸਨ, ਜਿਨ੍ਹਾਂ ਨੂੰ ਲੋਕ ਬਹੁਤ ਪਿਆਰ ਕਰਦੇ ਸਨ। ਕਮਲ ਸ਼ਰਮਾ ਚੰਗੇ ਦੋਸਤ ਹੋਣ ਦੇ ਨਾਲ-ਨਾਲ ਇਕ ਵਧੀਆ ਇਨਸਾਨ ਵੀ ਸਨ। ਜਾਣਕਾਰੀ ਮੁਤਾਬਕ ਕਮਲ ਸ਼ਰਮਾ ਸਾਲ 1988-89 'ਚ ਏ. ਬੀ. ਵੀ. ਪੀ. ਦੇ ਸੰਗਠਨ ਮੰਤਰੀ ਬਣੇ ਅਤੇ ਆਲ ਇੰਡੀਆ ਖਾਦੀ ਬੋਰਡ ਦੇ ਡਾਇਰੈਕਟਰ ਰਹੇ। ਲੰਬੇ ਸਮੇਂ ਤੱਕ ਕਮਲ ਸ਼ਰਮਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਕਾਰ ਦੇ ਰੂਪ 'ਚ ਕੰਮ ਕੀਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਪਾਲੀਟੀਕਲ ਐਡਵਾਈਜ਼ਰ ਵੀ ਰਹੇ।
ਸਾਲ 2007 ਤੋਂ ਲੈ ਕੇ 2013 ਤੱਕ ਕਮਲ ਸ਼ਰਮਾ ਨੇ ਪੰਜਾਬ ਭਾਜਪਾ ਦੇ ਮਹਾਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਭਾਜਪਾ ਲਈ ਦਿਨ-ਰਾਤ ਇਕ ਕਰਦੇ ਹੋਏ ਕੰਮ ਕੀਤਾ ਅਤੇ ਪੰਜਾਬ 'ਚ ਭਾਜਪਾ ਦੀ ਇਤਿਹਾਸਕ ਮੈਂਬਰਸ਼ਿਪ ਕੀਤੀ।

PunjabKesari

ਸਾਲ 2013 ਤੋਂ 2016 ਤੱਕ ਪੰਜਾਬ ਭਾਜਪਾ ਦੇ ਪ੍ਰਧਾਨ ਰਹੇ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ 'ਚ ਅਕਾਲੀ-ਭਾਜਪਾ ਸਰਕਾਰ 'ਚ ਲੋਕਪ੍ਰਸਿੱਧ ਭਾਜਪਾ ਨੇਤਾ ਰਹਿੰਦੇ ਹੋਏ ਉਨ੍ਹਾਂ ਨੇ ਅਕਾਲੀ-ਭਾਜਪਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕੀਤਾ ਅਤੇ ਫਿਰੋਜ਼ਪੁਰ ਦੇ ਸਰਬ ਪੱਖੀ ਵਿਕਾਸ ਲਈ ਉੱਥੇ ਕਰੋੜਾਂ ਰੁਪਏ ਦੀ ਗ੍ਰਾਂਟ ਅਤੇ ਬੁਨਿਆਦੀ ਸਹੂਲਤਾਂ ਵਾਲੇ ਪ੍ਰਾਜੈਕਟ ਵੀ ਲੈ ਕੇ ਆਏ। ਉਨ੍ਹਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਾਫੀ ਚੰਗੇ ਸਬੰਧ ਸਨ। ਮਰਹੂਮ ਅਰੁਣ ਜੇਟਲੀ ਕਮਲ ਸ਼ਰਮਾ ਦੇ ਸਿਆਸੀ ਗੁਰੂ ਸਨ ਅਤੇ ਅਕਾਲੀ-ਭਾਜਪਾ ਦੇ ਸਬੰਧ ਕਮਲ ਸ਼ਰਮਾ ਦੇ ਪੰਜਾਬ ਭਾਜਪਾ ਪ੍ਰਧਾਨ ਦੇ ਕਾਰਜਕਾਲ 'ਚ ਹੋਰ ਵੀ ਜ਼ਿਆਦਾ ਮਜ਼ਬੂਤ ਹੋਏ।

PunjabKesari

4 ਸਾਲ ਪਹਿਲਾਂ ਹੋਈ ਸੀ ਹਾਰਟ ਅਟੈਕ ਦੀ ਸ਼ਿਕਾਇਤ
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਕਮਲ ਸ਼ਰਮਾ ਨੂੰ 4 ਸਾਲ ਪਹਿਲਾਂ ਹਾਰਟ ਅਟੈਕ ਦੀ ਸ਼ਿਕਾਇਤ ਹੋਈ ਸੀ ਅਤੇ ਲੁਧਿਆਣਾ ਦੇ ਹਸਪਤਾਲ 'ਚ ਉਨ੍ਹਾਂ ਨੂੰ ਸਟੰਟ ਪੁਆਏ ਸਨ। ਕਮਲ ਸ਼ਰਮਾ ਬੀਤੀ ਅੱਧੀ ਰਾਤ ਆਪਣੇ ਪਰਿਵਾਰ ਨਾਲ ਕਰੀਬ 12 ਵਜੇ ਦੀਵਾਲੀ ਮਨਾਉਣ ਲਈ ਧਵਨ ਕਾਲੋਨੀ ਫਿਰੋਜ਼ਪੁਰ ਸਥਿਤ ਆਪਣੇ ਘਰ ਪਹੁੰਚੇ ਸਨ ਅਤੇ ਅੱਜ ਉਨ੍ਹਾਂ ਨੇ ਭਾਜਪਾ ਕਾਰਜਕਰਤਾ ਨੂੰ ਵੀ ਮਿਲਣਾ ਸੀ। ਅੱਜ ਸਵੇਰੇ ਕਮਲ ਸ਼ਰਮਾ ਸਵੇਰੇ ਸੈਰ ਕਰਨ ਲਈ ਅੰਕਿਤ ਸ਼ਰਮਾ ਨਾਲ ਘਰ ਤੋਂ ਨਿਕਲੇ ਅਤੇ ਫਿਰੋਜ਼ਪੁਰ ਛਾਉਣੀ ਦੀ ਮਾਲ ਰੋਡ 'ਤੇ ਸੈਰ ਕਰਨ ਲਈ ਕਾਰ ਤੋਂ ਨਿਕਲੇ ਤਾਂ ਉਨ੍ਹਾਂ ਦੇ ਸੀਨੇ 'ਚ ਅਚਾਨਕ ਦਰਦ ਹੋਣ ਲੱਗਾ ਅਤੇ ਉਹ ਬੇਹੋਸ਼ ਹੋ ਗਏ। ਤੁਰੰਤ ਕਮਲ ਸ਼ਰਮਾ ਨੂੰ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਅਨਿਲ ਬਾਗੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਵੇਂ ਹੀ ਲੋਕਾਂ ਨੂੰ ਕਮਲ ਸ਼ਰਮਾ ਦੇ ਦਿਹਾਂਤ ਦਾ ਪਤਾ ਲੱਗਾ ਪੂਰੇ ਫਿਰੋਜ਼ਪੁਰ 'ਚ ਸੋਗ ਦਾ ਮਾਹੌਲ ਬਣ ਗਿਆ ਅਤੇ ਦੁੱਖ 'ਚ ਡੁੱਬੇ ਲੋਕ ਉਨ੍ਹਾਂ ਦੇ ਘਰ ਪਹੁੰਚੇ। ਕਮਲ ਸ਼ਰਮਾ ਦੇ ਅਚਾਨਕ ਦਿਹਾਂਤ ਨਾਲ ਫਿਰੋਜ਼ਪੁਰ ਸ਼ਹਿਰ ਛਾਉਣੀ ਸਣੇ ਪੂਰੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹ ਈਮਾਨਦਾਰ, ਮਿਹਨਤੀ ਅਤੇ ਹਰ ਦਿਲ 'ਚ ਵਸੇ ਹਨ। ਕਮਲ ਸ਼ਰਮਾ ਦਾ ਅੰਤਿਮ ਸੰਸਕਾਰ 28 ਅਕਤੂਬਰ ਨੂੰ ਦੁਪਹਿਰ 11 ਵਜੇ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ 'ਚ ਹੋਵੇਗਾ।


shivani attri

Content Editor

Related News