ਕਾਲਕਾ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਦੀ ਬਕਾਇਆ ਰਾਸ਼ੀ ਦੇਣ ਤੋਂ ਮੁੱਕਰ ਨਹੀਂ ਸਕਦੇ : ਸਰਨਾ

Friday, Jun 03, 2022 - 08:47 PM (IST)

ਕਾਲਕਾ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਦੀ ਬਕਾਇਆ ਰਾਸ਼ੀ ਦੇਣ ਤੋਂ ਮੁੱਕਰ ਨਹੀਂ ਸਕਦੇ : ਸਰਨਾ

ਨਵੀਂ ਦਿੱਲੀ/ਜਲੰਧਰ (ਚਾਵਲਾ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਪ੍ਰਬੰਧਕਾਂ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ 135 ਕਰੋੜ ਰੁਪਏ ਦੇ ਬਕਾਏ ਸਬੰਧੀ ਅਦਾਲਤ 'ਚ ਸਿਰਸਾ-ਕਾਲਕਾ ਜੋੜੀ ’ਤੇ ਝੂਠੀ ਗਵਾਹੀ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵਕੀਲ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ ਦਿੱਲੀ ਹਾਈ ਕੋਰਟ ’ਚ ਅਸਪੱਸ਼ਟ ਚਾਰਟ ਪੇਸ਼ ਕਰਕੇ ਦਾਅਵਾ ਕੀਤਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਭਰਾਵਾਂ ਵੱਲੋਂ 81 ਕਰੋੜ ਰੁਪਏ ਅਤੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ. ਕੇ. ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦਾ 54 ਕਰੋੜ ਰੁਪਏ ਬਕਾਇਆ ਸੀ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ ਨੇ ਸੁਖਬੀਰ ਬਾਦਲ ਨੂੰ ਮਿਲ ਕੀਤੀ ਇਹ ਅਪੀਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਨਾ ਨੇ ਕਿਹਾ ਕਿ 2013 ’ਚ ਬਣੀ ਨਵੀਂ ਕਮੇਟੀ ਨੇ ਮੁਲਾਜ਼ਮਾਂ ਲਈ 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ ਪਰ ਮਨਜਿੰਦਰ ਸਿਰਸਾ ਵੱਲੋਂ ਇਸ ਕਦਮ ਨੂੰ ਲਗਾਤਾਰ ਵੱਖ-ਵੱਖ ਆਧਾਰਾਂ ਤੇ ਸਾਧਨਾਂ ’ਤੇ ਰੱਦ ਕਰ ਦਿੱਤਾ ਗਿਆ। ਸਰਨਾ ਨੇ ਕਿਹਾ ਕਿ ਸਿਰਸਾ ਨੇ ਕਦੇ ਵੀ ਛੇਵੇਂ ਤਨਖਾਹ ਕਮਿਸ਼ਨ ਦੀ ਪ੍ਰਕਿਰਿਆ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਸਗੋਂ ਸਿਰਸਾ-ਕਾਲਕਾ ਦੀ ਇਹ ਕੋਸ਼ਿਸ਼ ਸੀ ਕਿ ਇਸ ਪ੍ਰਕਿਰਿਆ ਨੂੰ ਹਮੇਸ਼ਾ ਹਨੇਰੇ 'ਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਨੇ ਕਮੇਟੀ ਦੇ ਕਰਮਚਾਰੀਆਂ ਦੇ ਬਕਾਏ ਨਾ ਦੇਣ ਦੇ ਸਾਡੇ ਅਤੇ ਮਨਜੀਤ ਜੀ. ਕੇ. ’ਤੇ ਗੰਭੀਰ ਦੋਸ਼ ਲਗਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਉਹ ਅਦਾਲਤ 'ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਲਕੀਅਤ ਤਿਆਗ ਚੁੱਕੇ ਹਨ ਅਤੇ ਅਸੀਂ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਸਫੈਦ ਝੂਠ ਬੋਲ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਵਾਂਗੇ।

ਇਹ ਵੀ ਪੜ੍ਹੋ : ਮੋਗਾ ਦੇ ਕਸਬਾ ਬੱਧਨੀ ਕਲਾਂ 'ਚ ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਲ਼ਾ

ਉਨ੍ਹਾਂ ਮੰਗ ਕੀਤੀ ਕਿ ਕਾਲਕਾ-ਸਿਰਸਾ ਜੋੜੀ ਨੂੰ ਹਾਈ ਕੋਰਟ 'ਚ ਝੂਠਾ ਬਿਆਨ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ’ਤੇ ਧੋਖਾਧੜੀ ਅਤੇ ਜਾਲਸਾਜ਼ੀ ਦਾ ਮੁਕੱਦਮਾ ਚਲਾਇਆ ਜਾਵੇ। ਸਰਨਾ ਨੇ ਮੰਗ ਕੀਤੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲੀ ਨੁਕਸਾਨ ਦੀ ਤੁਰੰਤ ਨਿਆਇਕ ਕਮਿਸ਼ਨ ਦਾ ਗਠਨ ਕਰਕੇ ਜਾਂਚ ਕਰਵਾਈ ਜਾਵੇ ਅਤੇ ਉਸ ਕਮਿਸ਼ਨ ਨੂੰ ਸਾਲ 2002 ਤੋਂ ਕਮੇਟੀ ਦੇ ਵਿੱਤ ਦੀ ਨਿਰਪੱਖਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਮੇਟੀ ਦੀਆਂ ਕਿਤਾਬਾਂ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਕਮੇਟੀ ਦੀ ਵਿਗੜ ਰਹੀ ਵਿੱਤੀ ਸਿਹਤ ਲਈ ਜਵਾਬਦੇਹੀ ਤੈਅ ਕਰਦਾ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ।

ਇਹ ਵੀ ਪੜ੍ਹੋ : ਫੌਜ ਦੀ ਭਰਤੀ ਲਈ ਟ੍ਰੇਨਿੰਗ ਦੌਰਾਨ ਕੋਚ ਸਮੇਤ ਨਹਿਰ 'ਚ ਡੁੱਬਾ ਨੌਜਵਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News