ਪ੍ਰਕਾਸ਼ ਪੁਰਬ ਨਜ਼ਦੀਕ ਪਰ 'ਬਾਬੇ ਦੀ ਵੇਈਂ' 'ਚ ਅਜੇ ਵੀ ਪੈ ਰਿਹੈ ਗੰਦਾ ਪਾਣੀ

10/30/2019 1:41:41 PM

ਜਲੰਧਰ/ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੇਈਂ ਕਿਨਾਰੇ ਲੱਗੇ ਧਾਰਮਿਕ ਆਗੂਆਂ ਦੇ ਲੰਗਰਾਂ ਦਾ ਗੰਦਾ ਪਾਣੀ ਵੀ ਵੇਈਂ 'ਚ ਪੈਣਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਚੱਲਦੇ ਲੰਗਰਾਂ ਦਾ ਗੰਦਾ ਪਾਣੀ ਪਵਿੱਤਰ ਵੇਈਂ 'ਚ ਪੈ ਰਿਹਾ ਹੈ। ਇਥੇ ਲੋਕ ਇਸ਼ਨਾਨ ਕਰਨ ਦੇ ਨਾਲ-ਨਾਲ ਪੀਣ ਲਈ ਚੂਲਾ ਵੀ ਭਰਦੇ ਹਨ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 22 ਜੁਲਾਈ 2007 ਨੂੰ ਸੰਦੇਸ਼ ਜਾਰੀ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ 'ਚ ਭੁੱਲ ਕੇ ਗੰਦੇ ਪਾਣੀ ਦੀ ਇਕ ਬੂੰਦ ਨਾ ਪੈਣ ਦਿੱਤੀ ਜਾਵੇ। ਹੁਕਮ ਜਾਰੀ ਹੋਏ ਨੂੰ 13 ਸਾਲ ਹੋ ਗਏ ਹਨ ਪਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। 

ਸਾਲ 2008 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਨੇ ਵੇਈਂ ਕੰਢੇ ਕਾਰ ਸੇਵਾ ਬਣਾਏ ਜਾਣ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਇਸ਼ਨਾਨ ਘਾਟਾਂ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਉਥੇ ਨੇੜੇ ਹੀ ਗੰਦਾ ਪਾਣੀ ਵੀ ਪੈ ਰਿਹਾ ਸੀ। ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ 'ਚ ਲੰਮੇ ਸਮੇਂ ਤੋਂ ਹਿੱਸਾ ਲੈਂਦੇ ਆ ਰਹੇ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਵੇਈਂ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਕੰਪਲੈਕਸ 'ਚ ਬਣੇ ਪਖਾਨਿਆਂ ਦਾ ਪਾਣੀ ਵੀ ਪੈਂਦਾ ਰਿਹਾ ਸੀ, ਜਿਹੜਾ ਕਿ ਕਾਫੀ ਜੱਦੋਜ਼ਹਿਦ ਮਗਰੋਂ ਬੰਦ ਕਰਵਾਇਆ ਗਿਆ।

PunjabKesari

2006 'ਚ ਕਾਲੀ ਵੇਈਂ ਨੂੰ ਪੰਜਾਬ ਸਰਕਾਰ ਨੇ ਐਲਾਨਿਆ ਸੀ ਪਵਿੱਤਰ 
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ 2006 'ਚ ਕਾਲੀ ਵੇਈਂ ਨੂੰ ਪਵਿੱਤਰ ਐਲਾਨਿਆ ਸੀ ਕਿਉਂਕਿ ਇਤਿਹਾਸ ਮੁਤਾਬਕ ਵੇਈਂ 'ਚ ਗੁਰੂ ਨਾਨਕ ਜੀ ਵੱਲੋਂ ਚੁੱਭੀ ਲਾਈ ਗਈ ਸੀ ਅਤੇ 3 ਦਿਨਾਂ ਬਾਅਦ ਜਦੋਂ ਉਹ ਬਾਹਰ ਆਏ ਸਨ ਤਾਂ ਉਨ੍ਹਾਂ ਨੂੰ ਇਸੇ ਪਵਿੱਤਰ ਵੇਈਂ 'ਚੋਂ ਗਿਆਨ ਦੀ ਪ੍ਰਾਪਤੀ ਹੋਈ ਸੀ। ਹਾਲਾਂਕਿ ਵੇਈਂ ਦੀ ਪਿਛਲੇ 19 ਸਾਲਾਂ ਤੋਂ ਕਾਰ ਸੇਵਾ ਕਰ ਰਹੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਕਾਰ ਸੇਵਾ ਦੌਰਾਨ ਇਹ ਵੇਈਂ ਮੁੜ ਨਿਰਮਲ ਵੱਗਣ ਲੱਗੀ ਹੈ। ਇਸ ਦੇ ਬਾਵਜੂਦ ਵੀ ਇਸ ਪਵਿੱਤਰ ਵੇਈਂ 'ਚ ਪੈ ਰਿਹਾ ਗੰਦਾ ਪਾਣੀ ਨਹੀਂ ਰੋਕਿਆ ਜਾ ਰਿਹਾ ਜਦਕਿ ਇਸ ਵੇਈਂ ਨੂੰ ਸਮੂਚੇ ਦੇਸ਼ 'ਚ ਦੂਸ਼ਿਤ ਦਰਿਆਵਾਂ ਨੂੰ ਸਾਫ ਕਰਨ ਲਈ ਇਕ ਮਾਡਲ ਵਜੋਂ ਅਪਣਾਇਆ ਜਾ ਰਿਹਾ ਹੈ।


shivani attri

Content Editor

Related News