ਔਰਤ ਨੇ ਸਹੁਰੇ ਘਰ ਨੂੰ ਪੈਟਰੋਲ ਛਿੜਕ ਕੇ ਲਾਈ ਅੱਗ

11/1/2019 10:35:53 AM

ਕਲਾਨੌਰ (ਮਨਮੋਹਨ) : ਸਰਹੱਦੀ ਕਸਬਾ ਕਲਾਨੌਰ ਵਿਖੇ ਅੱਜ ਦੁਪਹਿਰ ਸਮੇਂ ਔਰਤ ਵੱਲੋਂ ਆਪਣੇ ਸਹੁਰੇ ਘਰ ਨੂੰ ਪੈਟਰੋਲ ਛਿੜਕ ਕੇ ਅੱਗ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਲਵਲੀਨ ਮਸੀਹ ਪੁੱਤਰ ਸਵ. ਮੰਗਾ ਮਸੀਹ ਨਜ਼ਦੀਕ ਸ਼ਨੀ ਮੰਦਰ ਕਲਾਨੌਰ ਨੇ ਦੱਸਿਆ ਕਿ ਉਸਦਾ ਪਤਨੀ ਨੀਰੂ ਬਾਲਾ ਵਾਸੀ ਅੰਮ੍ਰਿਤਸਰ ਨਾਲ ਕਰੀਬ ਚਾਰ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਪਰ ਬਾਅਦ 'ਚ ਫਿਰ ਉਸ ਦੇ ਨਾਲ ਹੀ ਰੀ ਮੈਰਿਜ ਹੋ ਗਈ। ਉਸਨੇ ਦੱਸਿਆ ਕਿ ਦੁਬਾਰਾ ਮੈਰਿਜ ਹੋਣ ਉਪਰੰਤ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ ਜਦਕਿ ਉਹ ਆਪਣੇ ਕਲਾਨੌਰ ਸਥਿਤ ਘਰ ਵਿਚ। ਲਵਲੀਨ ਮਸੀਹ ਮੁਤਾਬਕ ਵੀਰਵਾਰ ਦੁਪਹਿਰ ਕਰੀਬ ਦੋ ਵਜੇ ਉਸ ਦੀ ਪਤਨੀ ਬੱਚਿਆਂ ਸਮੇਤ ਸਕਾਰਪੀਓ 'ਚ ਕਲਾਨੌਰ ਪਹੁੰਚੀ ਅਤੇ ਘਰ ਅੰਦਰ ਦਾਖਲ ਹੁੰਦਿਆਂ ਹੀ ਉਸ ਨੇ ਕਮਰੇ 'ਚ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ, ਜਿਸ 'ਤੇ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਪਰ ਅੱਗ ਦੀ ਲਪੇਟ 'ਚ ਆਉਣ ਨਾਲ ਬੈੱਡ ਤੇ ਗੱਦਿਆਂ ਆਦਿ ਸਮੇਤ ਹੋਰ ਸਾਮਾਨ ਨੁਕਸਾਨਿਆ ਗਿਆ। ਲਵਲੀਨ ਨੇ ਦੱਸਿਆ ਕਿ ਅਸੀਂ ਨੀਰੂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੇ ਸਾਡੇ ਨਾਲ ਹੱਥੋਪਾਈ ਕਰਦਿਆਂ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਹ ਬੱਚਿਆਂ ਸਮੇਤ ਸਕਾਰਪੀਓ ਗੱਡੀ 'ਚ ਸਵਾਰ ਹੋ ਕੇ ਚਲੀ ਗਈ।

ਉਕਤ ਨੇ ਅੱਗੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਥਾਣਾ ਕਲਾਨੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।


Baljeet Kaur

Edited By Baljeet Kaur