ਆਬੋਹਵਾ ''ਚ ਜ਼ਹਿਰ ਘੋਲਦੀ ਕਾਲਾ ਸੰਘਿਆਂ ਡਰੇਨ ਲਈ 40 ਕਰੋੜ ਵੀ ਘੱਟ
Thursday, Sep 10, 2020 - 10:38 AM (IST)
ਜਲੰਧਰ (ਸੋਮਨਾਥ)— ਪੰਜਾਬ ਦੀਆਂ ਸਭ ਤੋਂ ਜ਼ਿਆਦਾ ਜ਼ਹਿਰੀਲੀਆਂ ਥਾਵਾਂ 'ਚ ਸ਼ਾਮਲ ਕਾਲਾ ਸੰਘਿਆਂ ਡਰੇਨ ਆਪਣੇ ਆਸ-ਪਾਸ ਵੱਸੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ 'ਚ ਜ਼ਹਿਰ ਘੋਲ ਰਹੀ ਹੈ। ਡਰੇਨ ਦੇ ਦੂਸ਼ਿਤ ਪਾਣੀ ਕਾਰਨ ਆਸ-ਪਾਸ ਦੀ ਆਬੋਹਵਾ ਤਾਂ ਦੂਸ਼ਿਤ ਹੋ ਹੀ ਚੁੱਕੀ ਹੈ, ਨਾਲ ਹੀ ਡਰੇਨ ਦੇ ਜ਼ਹਿਰੀਲੇ ਪਾਣੀ ਦੇ ਧਰਤੀ ਹੇਠਲੇ ਪਾਣੀ 'ਚ ਮਿਕਸ ਹੋਣ ਨਾਲ ਡਰੇਨ ਦੇ ਆਸ-ਪਾਸ ਵੱਸੇ ਲੋਕ 250-250 ਮੀਟਰ ਡੂੰਘੇ ਲੱਗੇ ਟਿਊਬਵੈੱਲਾਂ ਦੇ ਪਾਣੀ ਨੂੰ ਵੀ ਫਿਲਟਰ ਕਰਕੇ ਪੀਣ ਨੂੰ ਮਜਬੂਰ ਹਨ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਵੱਖ-ਵੱਖ ਸੇਵਾਵਾਂ, ਸੋਸਾਇਟੀਆਂ ਅਤੇ ਕੌਂਸਲਰ ਜਗਦੀਸ਼ ਰਾਮ (ਸਮਰਾਏ) ਵੱਲੋਂ ਕਾਲਾ ਸੰਘਿਆਂ ਡਰੇਨ 'ਚ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਦੇ ਮਿਲਣ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਜਲੰਧਰ ਦੇ ਫੋਕਲ ਪੁਆਇੰਟ 'ਚ ਇਕ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਟਰੀਟਮੈਂਟ ਪਲਾਂਟ ਵਿਚ ਪਾਣੀ ਨੂੰ ਟਰੀਟ ਕਰਨ ਤੋਂ ਬਾਅਦ ਰੀ-ਯੂਜ਼ (ਦੁਬਾਰਾ ਵਰਤੋਂ) ਕੀਤੇ ਜਾਣ ਦੀ ਯੋਜਨਾ ਹੈ। ਵੱਖ-ਵੱਖ ਮੰਚਾਂ ਤੋਂ ਇਸ ਮੁੱਦੇ ਨੂੰ ਉਠਾਏ ਜਾਣ ਤੋਂ ਬਾਅਦ ਕਾਲਾ ਸੰਘਿਆਂ ਡਰੇਨ ਨੂੰ ਸਮਾਰਟ ਸਿਟੀ ਪ੍ਰਾਜੈਕਟ ਿਵਚ ਪਾਇਆ ਗਿਆ ਹੈ।
ਸਮਾਰਟ ਸਿਟੀ ਪ੍ਰਾਜੈਕਟ ਤਹਿਤ 40 ਕਰੋੜ ਰੁਪਏ ਖਰਚ ਕਰਕੇ ਕਾਲਾ ਸੰਘਿਆਂ ਡਰੇਨ ਦੇ ਕਿਨਾਰਿਆਂ ਨੂੰ ਪੱਕਾ ਕੀਤੇ ਜਾਣ ਦੀ ਯੋਜਨਾ ਹੈ। ਭਾਵੇਂ ਹੀ ਨਗਰ ਨਿਗਮ ਵੱਲੋਂ ਇਸ ਡਰੇਨ ਨੂੰ ਸਮਾਰਟ ਸਿਟੀ ਪ੍ਰਾਜੈਕਟ 'ਚ ਪਾ ਕੇ 40 ਕਰੋੜ ਰੁਪਏ ਨਾਲ ਇਸ ਦੇ ਕਿਨਾਰੇ ਪੱਕੇ ਕਰਨ ਦੀ ਯੋਜਨਾ ਬਣਾ ਲਈ ਗਈ ਹੈ ਪਰ ਸਿਰਫ ਕਿਨਾਰੇ ਪੱਕੇ ਕਰਨ ਨਾਲ ਸਮੱਸਿਆ ਦਾ ਸੰਪੂਰਨ ਹੱਲ ਨਹੀਂ ਹੋ ਸਕਦਾ। ਇਹ ਹੱਲ ਤਾਂ ਹੀ ਸੰਭਵ ਹੈ ਕਿ ਜੇਕਰ ਡਰੇਨ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੇ ਨਾਲ-ਨਾਲ ਜ਼ਮੀਨ 'ਤੇ ਫਰਸ਼ ਪਾਇਆ ਜਾਵੇ ਤਾਂ ਕਿ ਡਰੇਨ ਦਾ ਜ਼ਹਿਰੀਲਾ ਪਾਣੀ ਰਿਸ-ਰਿਸ ਕੇ ਜ਼ਮੀਨ ਦੇ ਹੇਠਲੇ ਪਾਣੀ 'ਚ ਨਾ ਮਿਲ ਸਕੇ। ਜਲੰਧਰ ਦੇ ਪਿੰਡ ਰਾਏਪੁਰ-ਰਸੂਲਪੁਰ ਤੋਂ ਸ਼ੁਰੂ ਹੁੰਦੀ 14 ਕਿਲੋਮੀਟਰ ਲੰਬੀ ਇਹ ਡਰੇਨ ਸ਼ਹਿਰੀ ਏਰੀਏ ਗੁਰੂ ਅਮਰਦਾਸ ਨਗਰ, ਕਾਲੀਆ ਕਾਲੋਨੀ, ਭਗਤ ਸਿੰਘ ਕਾਲੋਨੀ, ਸੇਠ ਹੁਕਮ ਚੰਦ ਕਾਲੋਨੀ, ਸ਼ੀਤਲ ਨਗਰ, ਮੁਹੱਲਾ ਕੁਲੀਆਂ, ਮੁਹੱਲਾ ਰਤਨ ਨਗਰ ਵਿਚੋਂ ਅੱਗੇ ਚਲੀ ਜਾਂਦੀ ਹੈ। ਬਸਤੀ ਪੀਰਦਾਦ 'ਚ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਪਾਣੀ ਸਾਫ ਹੋਣ ਤੋਂ ਬਾਅਦ ਅੱਗੇ ਫਿਰ ਡਰੇਨ ਵਿਚ ਪਾਇਆ ਜਾਂਦਾ ਹੈ। ਸੀਵਰੇਜ ਟਰੀਟਮੈਂਟ ਪਲਾਂਟ ਦੀ ਕਪੈਸਟੀ 50 ਐੱਮ. ਐੱਲ. ਡੀ. ਤੱਕ ਪਾਣੀ ਨੂੰ ਟਰੀਟ ਕਰਨ ਦੀ ਹੈ। ਕਾਲਾ ਸੰਘਿਆਂ ਡਰੇਨ ਵਿਚ ਰੋਜ਼ਾਨਾ 7 ਹਜ਼ਾਰ ਲੀਟਰ ਤੋਂ ਜ਼ਿਆਦਾ ਪਾਣੀ ਵਹਿੰਦਾ ਹੈ, ਜਿਸ ਵਿਚੋਂ 2 ਹਜ਼ਾਰ ਲੀਟਰ ਦੇ ਕਰੀਬ ਪਾਣੀ ਟਰੀਟ ਨਹੀਂ ਹੁੰਦਾ।
ਸੀਵਰੇਜ ਟਰੀਟਮੈਂਟ ਪਲਾਂਟ ਤੋਂ ਪਹਿਲਾਂ ਵੀ ਵੱਸਦੇ ਹਨ ਕਈ ਮੁਹੱਲੇ ਅਤੇ ਪਿੰਡ
ਇਹ ਟਰੀਟਮੈਂਟ ਪਲਾਂਟ ਕਾਲਾ ਸੰਘਿਆਂ ਦੇ ਆਸ-ਪਾਸ ਦੇ ਪਿੰਡਾਂ ਵਿਚ ਲੋਕਾਂ ਦੇ ਕੈਂਸਰ ਨਾਲ ਪੀੜਤ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਬਣਾਇਆ ਗਿਆ ਸੀ। ਬਸਤੀ ਪੀਰਦਾਦ ਵਿਚ ਟਰੀਟਮੈਂਟ ਪਲਾਂਟ ਲੱਗਣ ਤੋਂ ਬਾਅਦ ਟਰੀਟਮੈਂਟ ਪਲਾਂਟ ਦੇ ਅੱਗੇ ਰਹਿੰਦੇ ਪਿੰਡਾਂ ਦੇ ਲੋਕਾਂ ਨੇ ਰਾਹਤ ਦਾ ਵੱਡਾ ਸਾਹ ਲਿਆ ਹੈ ਪਰ ਪਿੰਡ ਰਾਏਪੁਰ-ਰਸੂਲਪੁਰ ਤੋਂ ਲੈ ਕੇ ਬਸਤੀ ਪੀਰਦਾਦ ਤੱਕ ਸ਼ਹਿਰ ਦਾ ਜੋ ਹਿੱਸਾ ਤੇ ਪਿੰਡ ਇਸ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਪਹਿਲਾਂ ਆਉਂਦੇ ਹਨ, ਉਨ੍ਹਾਂ ਬਾਰੇ ਹਾਲੇ ਯੋਜਨਾ ਤਿਆਰ ਹੋਣੀ ਬਾਕੀ ਹੈ।
ਡਰੇਨ 'ਚ ਹਾਲੇ ਹੋਰ ਵਧੇਗਾ ਪਾਣੀ ਦਾ ਫਲੋਅ
ਜਲੰਧਰ ਦੇ ਮੁਹੱਲਾ ਪ੍ਰੀਤ ਨਗਰ 'ਚ ਬਰਸਾਤੀ ਪਾਣੀ ਦੇ ਹੱਲ ਲਈ ਸਟਾਰਮ ਸੀਵਰ ਵਿਛਾਇਆ ਜਾ ਰਿਹਾ ਹੈ, ਇਸ ਦਾ ਪਾਣੀ ਵੀ ਕਾਲਾ ਸੰਘਿਆਂ ਡਰੇਨ ਵਿਚ ਪਾਉਣ ਦੀ ਯੋਜਨਾ ਹੈ। ਜੇ ਇਹ ਪਾਣੀ ਡਰੇਨ ਵਿਚ ਪੈਂਦਾ ਹੈ ਤਾਂ ਬਰਸਾਤ ਦੇ ਦਿਨਾਂ ਵਿਚ ਪਾਣੀ ਦਾ ਫਲੋਅ ਹੋਰ ਵਧੇਗਾ।
ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਗਾਰ ਕੱਢ ਕੇ ਪਾਈ ਜਾਂਦੀ ਹੈ ਡਰੇਨ 'ਚ
ਸ਼ਹਿਰ ਵਿਚ ਸੀਵਰੇਜ ਪਾਈਪਾਂ ਨਾਲ ਸਕਸ਼ਨ ਮਸ਼ੀਨਾਂ ਰਾਹੀਂ ਗਾਰ ਕੱਢੇ ਜਾਣ ਦਾ ਕੰਮ ਕਰੀਬ 2 ਸਾਲਾਂ ਤੋਂ ਜਾਰੀ ਹੈ। ਸੀਵਰੇਜ ਪਾਈਪਾਂ ਨਾਲ ਕੱਢੀ ਗਈ ਗਾਰ ਰਾਤ ਦੇ ਸਮੇਂ ਡਰੇਨ ਵਿਚ ਪਾ ਦਿੱਤੀ ਜਾਂਦੀ ਹੈ, ਜਿਸ ਨਾਲ ਇਹ ਡਰੇਨ ਹੋਰ ਵੀ ਦੂਸ਼ਿਤ ਹੋ ਰਹੀ ਹੈ।
ਕੌਂਸਲਰ ਜਗਦੀਸ਼ ਰਾਮ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸਮੱਸਿਆਵਾਂ ਤੋਂ ਕਰਵਾਇਆ ਜਾਣੂ
ਵਾਰਡ ਨੰਬਰ 78 ਦੇ ਕੌਂਸਲਰ ਜਗਦੀਸ਼ ਰਾਮ ਬੁੱਧਵਾਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਨੂੰ ਮਿਲੇ ਅਤੇ ਉਨ੍ਹਾਂ ਨੂੰ ਕਾਲਾ ਸੰਘਿਆਂ ਡਰੇਨ ਦੇ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਦੱਿਸਆ ਕਿ ਡਰੇਨ ਵਿਚ ਹਾਈਸਿੰਥ ਬੂਟੀ ਬਹੁਤ ਜ਼ਿਆਦਾ ਹੋ ਜਾਣ ਕਾਰਨ ਪਾਣੀ ਦਾ ਵਹਾਅ ਰੁਕ ਜਾਂਦਾ ਹੈ ਅਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਬਹੁਤ ਗੰਦਗੀ ਹੋ ਗਈ ਹੈ, ਇਸ ਕਾਰਨ ਕਦੇ ਵੀ ਕੋਈ ਬੀਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਕੌਂਸਲਰ ਨੇ ਦੱਿਸਆ ਕਿ ਡਰੇਨ ਦੀ ਸਫਾਈ ਦੇ ਅਨੁਮਾਨ ਬਾਬਤ ਨਗਰ ਨਿਗਮ ਵੱਲੋਂ 23,25,312 ਰੁਪਏ ਦਾ ਐਸਟੀਮੇਟ ਮਨਜ਼ੂਰ ਕੀਤਾ ਗਿਆ ਹੈ, ਜਿਸ ਵਿਚੋਂ ਨਿਗਮ ਵੱਲੋਂ ਬਿਸਤ ਦੋਆਬ ਉਪ ਮੰਡਲ ਜਲੰਧਰ ਨੂੰ 10 ਲੱਖ ਰੁਪਏ ਦੀ ਰਾਸ਼ੀ ਡਰੇਨ ਦੀ ਸਫਾਈ ਕਰਨ ਲਈ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਬਾਕੀ ਦੀ ਰਾਸ਼ੀ ਵੀ ਜਲਦ ਤੋਂ ਜਲਦ ਰਿਲੀਜ਼ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੰਨਾ ਪੈਸਾ ਕਾਰਪੋਰੇਸ਼ਨ ਕੋਲ ਹੈ, ਉਸ ਨਾਲ ਪੂਰੀ ਡਰੇਨ ਦੀ ਸਫਾਈ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਕਾਲਾ ਸੰਘਿਆਂ ਡਰੇਨ ਦੇ ਸੁੰਦਰੀਕਰਨ ਅਤੇ ਉਸ ਨੂੰ ਪੱਕਾ ਕਰਨ ਲਈ 40 ਕਰੋੜ ਰੁਪਏ ਸਮਾਰਟ ਸਿਟੀ ਅਧੀਨ ਪਾਸ ਕੀਤੇ ਜਾਣ ਤਾਂ ਕਿ ਡਰੇਨ ਦੇ ਆਸ-ਪਾਸ ਰਹਿੰਦੇ 2 ਤੋਂ ਢਾਈ ਲੱਖ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਉਹ ਕਈ ਵਾਰ ਹਾਊਸ ਦੀ ਮੀਟਿੰਗ ਵਿਚ ਵੀ ਮੁੱਦਾ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਰਤਨ ਨਗਰ ਵਿਚ ਡਰੇਨ ਦੇ ਉਪਰ ਜੋ ਪੁਲ ਬਣਿਆ ਹੈ, ਉਸਦੀ ਹਾਲਤ ਕਾਫੀ ਤਰਸਯੋਗ ਹੋ ਗਈ ਹੈ। ਇਸ ਪੁਲ ਦੀਆਂ ਸਾਈਡ ਵਾਲੀਆਂ ਗਰਿੱਲਾਂ ਅਤੇ ਰੇਲਿੰਗ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਆਵਾਜਾਈ ਜ਼ਿਆਦਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।