ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਕਾ ਦੀ ਮੌਤ
Sunday, Aug 06, 2017 - 10:21 PM (IST)

ਗੜ੍ਹਦੀਵਾਲਾ, (ਜਤਿੰਦਰ)- ਨਜ਼ਦੀਕੀ ਪਿੰਡ ਡੱਫਰ ਦੇ ਜੰਮਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਕਾਕਾ (34) ਪੁੱਤਰ ਸੋਹਣ ਸਿੰਘ ਦੀ ਸੰਖੇਪ ਬੀਮਾਰੀ ਪਿੱਛੋਂ ਮੌਤ ਹੋ ਗਈ। ਇਸ ਨਾਮਵਰ ਕਬੱਡੀ ਖਿਡਾਰੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਜੱਦੀ ਪਿੰਡ ਡੱਫਰ ਤੇ ਕਬੱਡੀ ਜਗਤ ਵਿਚ ਮਾਤਮ ਛਾ ਗਿਆ।
ਇਸ ਸਬੰਧੀ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਕਾਕਾ ਬਹੁਤ ਹੀ ਵਧੀਆ ਕਬੱਡੀ ਖਿਡਾਰੀ ਸੀ, ਜਿਸ ਨੇ 35 ਕਿਲੋਗ੍ਰਾਮ ਭਾਰ ਵਰਗ ਤੋਂ ਖੇਡਣਾ ਸ਼ੁਰੂ ਕਰ ਕੇ ਹੌਲੀ-ਹੌਲੀ ਓਪਨ ਪਿੰਡ ਪੱਧਰ ਅਤੇ ਫਿਰ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਪੰਜਾਬ, ਆਪਣੇ ਜ਼ਿਲੇ ਤੇ ਆਪਣੇ ਜੱਦੀ ਪਿੰਡ ਦਾ ਨਾਂ ਰੌਸ਼ਨ ਕੀਤਾ। ਇਸ ਦੌਰਾਨ ਹੀ ਕੈਨੇਡਾ ਦੇ ਕੈਲਗਰੀ (ਅਲਬਰਟਾ) ਵਿਖੇ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਜਸਵਿੰਦਰ ਸਿੰਘ ਕਾਕਾ ਨੇ ਬੈਸਟ ਰੇਡਰ ਦਾ ਖਿਤਾਬ ਵੀ ਹਾਸਲ ਕੀਤਾ ਪਰ ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚਲਿਆ ਆ ਰਿਹਾ ਸੀ ਤੇ ਬੀਤੀ ਸ਼ਾਮ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਮ੍ਰਿਤਕ ਜਸਵਿੰਦਰ ਸਿੰਘ ਕਾਕਾ ਦਾ ਅੰਤਿਮ ਸੰਸਕਾਰ ਪਿੰਡ ਡੱਫਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।