ਵਿੱਛੜ ਗਿਆਂ ਨੂੰ ਅਲਵਿਦਾ ਅਤੇ ਬਾਕੀਆਂ ਲਈ ਅਰਦਾਸ...

03/27/2020 12:08:47 PM

ਜਲੰਧਰ - ਕਾਬੁਲ ਸ਼ਹਿਰ ਨੂੰ ਮੈਂ ਜਦ ਹੁਣ ਵੀ ਯਾਦ ਕਰਦਾਂ ਤਾਂ ਸਰੀਰ ਵਿਚ ਇਕ ਕੰਬਣੀ ਜਿਹੀ ਛਿੜ ਉੱਠਦੀ ਹੈ। ਅਗਸਤ ਮਹੀਨੇ ਮੈਂ ਕਾਬੁਲ ਸ਼ਹਿਰ ਦੇ ਦਾਰਲੇਮਾਨਾ ਰੋਡ ਉਪਰ ਬਣੀ 20 ਮੰਜ਼ਿਲਾ ਇਮਾਰਤ ਦੇ ਇਕ ਫਲੈਟ ਵਿਚ ਰਹਿ ਰਿਹਾ ਸੀ। ਫਲੈਟ ਦੀ ਅੱਠਵੀਂ ਮੰਜ਼ਿਲ ’ਤੇ ਰਹਿਣ ਕਰ ਕੇ ਸਾਰਾ ਸ਼ਹਿਰ ਮੈਨੂੰ ਸਾਫ-ਸਾਫ ਦਿਸਿਆ ਕਰਦਾ। ਕਿੰਨਾ ਹੀ ਸਮਾਂ ਮੈਂ ਇਸ ਫਲੈਟ ਦੀ ਖਿੜਕੀ ਵਿਚ ਖੜ੍ਹ ਕੇ ਦੂਰ-ਦੂਰ ਤੱਕ ਸ਼ਹਿਰ ਦੇਖਦਾ ਰਹਿੰਦਾ। ਸ਼ਾਮ ਢਲਣ ਵੇਲੇ ਜਦ ਲਾਈਟਾਂ ਚੱਲਦੀਆਂ ਤਾਂ ਮੈਨੂੰ ਇਸ ਸ਼ਹਿਰ ਨਾਲ ਇਕ ਇਸ਼ਕ ਜਿਹਾ ਹੋ ਜਾਂਦਾ। ਉਨ੍ਹੀਂ ਦਿਨੀਂ ਅਫਗਾਨਿਸਤਾਨ ਨੇ ਆਪਣਾ ਆਜ਼ਾਦੀ ਦਿਹਾੜਾ ਵੀ ਮਨਾਉਣਾ ਸੀ, ਜਿਸ ਕਰ ਕੇ ਬੱਤੀਆਂ ਨਾਲ ਰੌਸ਼ਨਾਇਆ ਸਾਰਾ ਸ਼ਹਿਰ ਹੋਰ ਵੀ ਖੂਬਸੂਰਤ ਲੱਗਦਾ। ਰਾਤ ਦੇ ਹਨੇਰੇ ਵਿਚ ਉੱਚੇ-ਨੀਵੇਂ ਪਹਾੜਾਂ ’ਤੇ ਜਗਮਗਾਉਂਦੀਆਂ ਬੱਤੀਆਂ ਤੇ ਵਗਦੇ ਠੰਡੇ ਹਵਾ ਦੇ ਬੁੱਲ੍ਹੇ ਮੈਨੂੰ ਧੁਰ ਅੰਦਰ ਤੱਕ ਠਾਰ ਦਿੰਦੇ। ਰਾਤ ਤਾਂ ਬੀਤ ਜਾਂਦੀ ਪਰ ਜਿਉਂ ਹੀ ਸਵੇਰ ਹੁੰਦੀ ਮੈਂ ਇਕਦਮ ਡਰ ਜਾਂਦਾ। ਅੱਧ-ਖੁੱਲ੍ਹੀਆਂ ਅੱਖਾਂ ਨਾਲ ਮੈਂ ਉਸੇ ਖਿੜਕੀ ਵਿਚ ਫੇਰ ਜਾ ਖੜ੍ਹਦਾ ਤੇ ਇਹੋ ਸ਼ਹਿਰ ਮੈਨੂੰ ਜ਼ਹਿਰ ਵਰਗਾ ਲੱਗਦਾ। ਕੜਕਦੀ ਧੁੱਪ ਤੇ ਦੂਰ-ਦੂਰ ਤੱਕ ਦਿਸਦੇ ਰੁੱਖੇ-ਵੀਰਾਨ ਪਹਾੜ ਤੇ ਉਨ੍ਹਾਂ ਤੋਂ ਉੱਡਦਾ ਰੇਤਾ ਮੇਰਾ ਕਲੇਜਾ ਫੂਕ ਦਿੰਦੇ। ਇੱਥੇ ਰਹਿੰਦੇ ਕੁਝ ਕੁ ਦਿਨਾਂ ਵਿਚ ਮੈਨੂੰ ਇਉਂ ਲੱਗਣ ਲੱਗ ਪਿਆ ਕਿ ਜਿਵੇਂ ਮੇਰੀ ਜ਼ਿੰਦਗੀ ਰੁਕ ਜਿਹੀ ਗਈ ਹੋਵੇ, ਕਿਉਂਕਿ ਹਰ ਢਲਦੀ ਸ਼ਾਮ ਮੈਂ ਸ਼ੁਕਰਾਨਾ ਕਰਦਾ ਕਿ ਅੱਜ ਦਿਨ ਸੁਖੀ-ਸਾਂਦੀ ਲੰਘ ਗਿਆ ਪਰ ਹਰ ਚੜ੍ਹਦੇ ਸੂਰਜ ਮੈਨੂੰ ਘਬਰਾਹਟ ਹੋਣ ਲੱਗਦੀ ਕਿ ਪਤਾ ਨੀ ਮੈਂ ਇੱਥੋਂ ਕਦ ਨਿਕਲਾਂਗਾ। 

PunjabKesari

ਕਾਬੁਲ ’ਚ ਸਵੇਰੇ ਕੰਨੀਂ ਪੈਂਦੀ ਆਜ਼ਾਨ ਜਾਂ ਕੁੱਕੜ ਦੀ ਬਾਂਗ ਤੁਹਾਡੀ ਅੱਖ ਨਹੀਂ ਖੋਲ੍ਹਦੀ, ਸਗੋਂ ਸਵੇਰੇ ਗੂੜ੍ਹ ਹਨੇਰੇ ਹੀ ਆਸਮਾਨ ’ਚ ਗੂੰਜਦੇ ਹੈਲੀਕਾਪਟਰ ਤੁਹਾਨੂੰ ਬਿਸਤਰਾ ਛੱਡਣ ਲਈ ਮਜਬੂਰ ਕਰਦੇ ਨੇ, ਖੈਰ ਅਫਗਾਨੀਆਂ ਨੂੰ ਹੁਣ ਇਸਦੀ ਆਦਤ ਹੋ ਗਈ ਹੈ। ਚਾਲੀ ਕੁ ਸਾਲ ਪਹਿਲਾਂ ਸ਼ੁਰੂ ਹੋਈ ਖਾਨਾਜੰਗੀ ਪਤਾ ਨਹੀਂ ਕਿੰਨੀਆਂ ਕੁ ਪੀੜ੍ਹੀਆਂ ਦੀ ਬਲੀ ਲੈ ਕੇ ਮੁੱਕੇਗੀ, ਬਾਕੀ ਜਿਸ ਦੇਸ਼ ਦਾ ਬਚਪਨ ਹੁਣ ਤੱਕ ਪੀਂਘ ਹੁਲਾਰਿਆਂ ਦੀ ਥਾਂ ਤੋਪਾਂ, ਟੈਂਕਾਂ ਦੇ ਮੂੰਹਾਂ ’ਤੇ ਝੂਟਦਾ ਰਿਹਾ ਹੋਵੇ, ਉਸ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ।ਕਾਬੁਲ ਰਹਿੰਦੇ ਤੀਜੇ ਦਿਨ ਮੇਰਾ ਪ੍ਰੋਗਰਾਮ ਬਣਿਆ ਕਿ ਅੱਜ ਸ਼ਹਿਰ ਦੇ ਸਾਰੇ ਗੁਰਦੁਆਰਾ ਸਾਹਿਬ ਦੇਖਣੇ ਆਂ, ਇੱਥੇ ਰਹਿੰਦੀ ਸਿੱਖ ਸੰਗਤ ਨੂੰ ਮਿਲਣਾ ਹੈ। ਤੀਜਾ ਦਿਨ ਇਸ ਕਰ ਕੇ ਹੋਇਆ ਕਿਉਂਕਿ ਇਕੱਲੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਸੀ। ਮੇਰੇ ਦੋਸਤਾਂ ਅਦੀਬ ਤੇ ਰਾਸ਼ਿਦ ਨੇ ਪੂਰਨ ਤੌਰ ’ਤੇ ਇਸਦੀ ਮਨਾਹੀ ਕੀਤੀ ਸੀ ਕਿ ਇੱਥੇ ਕਿਸੇ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਕਰ ਕੇ ਜਿੱਥੇ ਵੀ ਜਾਣਾ ਹੁੰਦਾ, ਉਹ ਖੁਦ ਸਾਨੂੰ ਆਪਣੀ ਕਾਰ ’ਤੇ ਲੈ ਕੇ ਜਾਂਦੇ। ਕਾਬੁਲ ਸ਼ਹਿਰ ਵਿਚ ਕੁੱਲ ਪੰਜ ਗੁਰੂ ਘਰਾਂ ਵਿਚੋਂ ਕਾਰਤੇ ਪਰਵਾਨ ਤੇ ਸ਼ੋਰ ਬਾਜ਼ਾਰ ਸਥਿਤ ਗੁਰਦੁਆਰੇ ਹੀ ਜ਼ਿਆਦਾ ਵੱਡੇ ਤੇ ਸਿੱਖ-ਸੰਗਤ ਨਾਲ ਜੁੜੇ ਹਨ। ਗੁਰਦੁਆਰਾ ਸਾਹਿਬ ਜਦ ਅਸੀਂ ਗਏ ਤਾਂ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ। ਜ਼ਿੰਦਗੀ ’ਚ ਪਹਿਲੀ ਵਾਰ ਦੇਖਿਆ ਕਿ ਗੁਰੂਘਰਾਂ ਨੂੰ ਇਸ ਤਰ੍ਹਾਂ ਜਿੰਦਾ ਲਗਾ ਕੇ ਰੱਖਿਆ ਜਾਂਦਾ ਹੈ। ਅਦੀਬ ਨੂੰ ਜਦ ਮੈਂ ਕਿਹਾ ਕਿ ਬਾਹਰੋਂ ਤਾਂ ਜਿੰਦਾ ਲੱਗਿਆ ਹੈ ਤਾਂ ਉਹਨੇ ਕਿਹਾ ਕਿ ਨਹੀਂ ਅੰਦਰ ਸੰਗਤ ਹੋਵੇਗੀ। ਕੋਲ ਜਾ ਬਾਹਰੋਂ ਖੜ੍ਹ ਕੇ ਗੇਟ ਖੜਕਾਇਆ ਤਾਂ ਅੰਦਰੋਂ ਛੋਟੀ ਬਾਰੀ ਖੁੱਲ੍ਹੀ। ਭੂਰੇ ਕੱਪੜੇ ਪਹਿਨੀ ਤੇ ਹੱਥ ਵਿਚ ਏ.ਕੇ 47 ਫੜੀ ਇਕ ਅਫਗਾਨੀ ਬੰਦਾ ਬਾਹਰ ਆਇਆ।

PunjabKesari

ਅਦੀਬ ਨੇ ਉਸ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਦੱਸਿਆ ਕਿ ਇਹ ਭਾਰਤ ਤੋਂ ਆਏ ਨੇ ਤੇ ਅੰਦਰ ਦਰਸ਼ਨ ਕਰਨੇ ਹਨ ਅਤੇ ਸੰਗਤ ਨੂੰ ਮਿਲਣਾ ਹੈ। ਉਸਨੇ ਸਾਨੂੰ ਸਾਡੇ ਪਾਸਪੋਰਟ ਦਿਖਾਉਣ ਲਈ ਕਿਹਾ। ਅਸੀਂ ਫਟਾਫਟ ਆਪਣੇ ਪਾਸਪੋਰਟ ਦਿਖਾਏ ਅਤੇ ਉਹ ਸਾਨੂੰ ਅੰਦਰ ਲੈ ਗਿਆ। ਦਰਬਾਰ ਸਾਹਿਬ ਗਏ ਤੇ ਅੰਦਰ ਰਹਿੰਦੇ ਗ੍ਰੰਥੀ ਸਿੰਘ ਤੋਂ ਲੈ ਕੇ ਬੱਚਿਆਂ, ਬਜ਼ੁਰਗਾਂ ਤੱਕ ਸਭ ਨੂੰ ਮਿਲੇ। ਇੱਥੇ ਵੱਸਦੇ ਸਾਰੇ ਸਿੱਖ ਪਰਿਵਾਰ ਗੁਰੂ-ਘਰ ਦੇ ਅੰਦਰ ਹੀ ਰਹਿੰਦੇ ਹਨ। ਘੰਟਾ ਭਰ ਉਨ੍ਹਾਂ ਨਾਲ ਗੱਲਾਂ ਕਰਦੇ ਰਹੇ ਤੇ ਉਹ ਵਾਰ-ਵਾਰ ਆਪਣੇ ਦੁੱਖ ਦੱਸਦੇ-ਦੱਸਦੇ ਅੱਖਾਂ ਭਰ ਆਉਂਦੇ। ਮੈਂ ਉਨ੍ਹਾਂ ਨੂੰ ਕਿਹਾ ਕਿ ਜਦ ਤੁਸੀਂ ਇੰਨੇ ਔਖੇ ਹੋ ਤਾਂ ਇਹ ਦੇਸ਼ ਕਿਉਂ ਨਹੀਂ ਛੱਡ ਦਿੰਦੇ। ਤਾਂ ਉਹ ਕਹਿੰਦੇ ਕਿ ਸਾਡੇ ਸਿਰ ਕਰਜ਼ਾ ਬਹੁਤ ਐ, ਅਸੀਂ ਤਾਂ ਇੱਥੇ ਮਸਾਲੇ-ਬੂਟੀਆਂ ਵੇਚ ਕੇ ਆਪਣਾ ਢਿੱਡ ਮਸਾਂ ਪਾਲਦੇ ਹਾਂ। ਜਹਾਜ਼ ਚੜ੍ਹਨ ਲਈ ਸਾਡੇ ਕੋਲ ਪੈਸੇ ਕਿੱਥੇ ਹਨ। ਗੱਲਾਂ ਕਰਦੇ ਫਿਰ ਉਹ ਲੰਬਾ ਹਉਕਾ ਭਰਦੇ ਕਹਿੰਦੇ ਕਿ ਪਤਾ ਨਹੀਂ ਕਦ ਉਹ ਭਾਗਾਂ ਵਾਲੀ ਘੜੀ ਆਵੇਗੀ ਜਦ ਅਸੀਂ ਪੰਜਾਬ ਜਾਂ ਹੋਰ ਕਿਸੇ ਦੇਸ਼ ਵੱਲ ਮੂੰਹ ਕਰਾਂਗੇ। ਮੈਂ ਉਨ੍ਹਾਂ ਦਾ ਧੰਨ ਜਿਗਰਾ ਮੰਨ ਰਿਹਾ ਸੀ ਕਿ ਜਿਹੜਾ ਸ਼ਹਿਰ ਦਸ ਦਿਨਾਂ ਵਿਚ ਮੈਨੂੰ ਬੇਰੁੱਖਾ ਲੱਗਣ ਲੱਗ ਪਿਆ ਸੀ, ਉਹ ਸਾਲਾਂਬੱਧੀ ਉਥੇ ਰਹਿ ਰਹੇ ਸਨ।

PunjabKesari

ਅੱਜ ਖ਼ਬਰ ਤੋਂ ਪਤਾ ਲੱਗਿਆ ਕਿ ਕਾਬੁਲ ਦੇ ਸ਼ੋਰ ਬਾਜ਼ਾਰ ਸਥਿਤ ਗੁਰੂਘਰ ’ਤੇ ਅਟੈਕ ਹੋਇਆ ਤਾਂ ਬੜਾ ਦੁੱਖ ਹੋਇਆ। ਉਦੋਂ ਹੋਰ ਵੀ ਦੁੱਖ ਆਉਂਦਾ ਜਦ ਤੁਸੀਂ ਉਹ ਥਾਵਾਂ ਅੱਖੀਂ ਦੇਖੀਆਂ ਹੋਣ ਤੇ ਉਥੋਂ ਦੇ ਲੋਕਾਂ ਨੂੰ ਹੂ-ਬ-ਹੂ ਮਿਲੇ ਹੋਵੋ। ਖਬਰ ਪੜ੍ਹਦੇ ਹੀ ਮੈਨੂੰ ਉਨ੍ਹਾਂ ਦੇ ਬੋਲ ਯਾਦ ਆ ਗਏ ਜਦ ਉਹ ਕਹਿ ਰਹੇ ਸੀ ਕਿ ਸਾਡੀ ਜਿੰਦ ਦਾ ਤਾਂ ਇੱਥੇ ਕੋਈ ਭਰੋਸਾ ਨਹੀਂ, ਪਤਾ ਨਹੀਂ ਕਦੋਂ ਤੇ ਕਿਸ ਦਿਨ ਮੁੱਕ ਜਾਵੇ। ਜੇ ਇੱਥੇ ਸ਼ਰੇਆਮ ਸਾਨੂੰ ਕੋਈ ਕਤਲ ਵੀ ਕਰ ਦੇਵੇ ਤਾਂ ਵੀ ਏਥੇ ਸਾਡੀ ਕੋਈ ਸੁਣਵਾਈ ਨਹੀਂ। ਕਦੇ-ਕਦੇ ਬੜੀ ਚਿੜ ਆਉਂਦੀ ਐ ਇੱਥੇ ਰਹਿੰਦੇ ਸਾਡੇ ਲੀਡਰਾਂ ਤੇ ਸਾਡੇ ਬਾਬਿਆਂ ਉਤੇ, ਜੋ ਹਮੇਸ਼ਾ ਸਿੱਖ ਪ੍ਰਚਾਰ ’ਚ ਸਿੱਖਾਂ ਦੀ ਹਿਫਾਜ਼ਤ ਦੀ ਗੱਲ ਕਰਦੇ ਨੇ ਪਰ ਅੱਜ ਤੱਕ ਸਿੱਖਾਂ ਦੀ ਕਿਸੇ ਪਾਰਟੀ ਤੇ ਕਿਸੇ ਸੰਸਥਾ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਲੋੜ ਸੀ ਕਿ ਕੌਮ ਦੀ ਕੋਈ ਸਿਰਮੌਰ ਸੰਸਥਾ ਉਨ੍ਹਾਂ ਦਾ ਸਾਥ ਦਿੰਦੀ ਪਰ ਅਸੀਂ ਹਮੇਸ਼ਾ ਤੋਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ। ਕਦੇ ਕੋਈ ਵੀ ਲੀਡਰ ਜਾਂ ਬਾਬਾ ਉਨ੍ਹਾਂ ਦੀ ਸਾਰ ਲੈਣ ਨਹੀਂ ਗਿਆ।

PunjabKesari

ਕਦੇ ਕੋਈ ਵੀ ਬਾਬਾ ਉਥੇ ਦੀਵਾਨ ਲਾਉਣ ਜਾਂ ਪ੍ਰਚਾਰ ਕਰਨ ਨਹੀਂ ਗਿਆ, ਕਿਉਂਕਿ ਉਨ੍ਹਾਂ ਤੋਂ ਕਿਹੜਾ ਅਸੀਂ ਵੜੇਵੇਂ ਲੈਣੇ ਨੇ? ਮਸਲਾ ਤਾਂ ਇਹ ਵੀ ਹੈ ਕੀ ਉਨ੍ਹਾਂ ਨੂੰ ਕਿਹੜਾ ਸਿੱਖ ਸਿਧਾਂਤਾਂ ਦੀ ਲੋੜ ਨਹੀਂ, ਉਥੇ ਕਿਹੜਾ ਸਿੱਖ ਭਾਈਚਾਰਾ ਨਹੀਂ ਰਹਿੰਦਾ? ਕੀ ਉਥੇ ਪ੍ਰਚਾਰ ਨਹੀਂ ਹੋ ਸਕਦਾ ਪਰ ਬਾਬਿਆਂ ਲਈ ਅਸਲ ਗੱਲ ਤਾਂ ਇਹ ਹੈ ਕਿ ਉਥੇ ਡਾਲਰ ਨਹੀਂ ਬਣਦੇ, ਨਾਲੇ ਪੈਸੇ ਦੇ ਯੁੱਗ ਵਿਚ ਜਾਨ ਤਲੀ ਉਤੇ ਧਰ ਕੇ ਕਿਹੜਾ ਪ੍ਰਚਾਰ ਕਰੇ।ਉਸ ਸਮੇਂ ਮੈਂ ਉਨ੍ਹਾਂ ਦੇ ਸਾਰੇ ਘਟਨਾਕ੍ਰਮ ਦੀ ਵੀਡੀਓਗ੍ਰਾਫੀ ਕਰ ਕੇ ਲਿਆਂਦੀ ਸੀ ਤੇ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਦੁੱਖ ਦੀ ਆਵਾਜ਼ ਸਮੁੱਚੇ ਸੰਸਾਰ ਤੇ ਪੰਜਾਬ ਰਹਿੰਦੇ ਸਿੱਖ ਭਾਈਚਾਰੇ ਤੱਕ ਪਹੁੰਚਦੀ ਕਰ ਸਕਾਂ ਪਰ ਅੱਜ ਮੈਂ ਬੜਾ ਸ਼ਰਮਿੰਦਾ ਹਾਂ ਕਿ ਮੈਂ ਤੁਹਾਡੇ ਲਈ ਕੁਝ ਨਾ ਕਰ ਸਕਿਆ। ਹੁਣ ਤਾਂ ਬਸ ਦੂਰ ਬੈਠਾ ਹਾਅ ਦਾ ਨਾਅਰਾ ਜ਼ਰੂਰ ਮਾਰ ਸਕਦਾਂ। ਵਿੱਛੜ ਗਿਆਂ ਨੂੰ ਅਲਵਿਦਾ ਤੇ ਬਾਕੀਆਂ ਲਈ ਅਰਦਾਸ ‘ਮਾਲਕ ਤੁਹਾਡੇ ’ਤੇ ਮਿਹਰ ਕਰੇ, ਤੁਸੀਂ ਹਮੇਸ਼ਾ ਮੇਰੇ ਦਿਲ ਵਿਚ ਧੜਕਦੇ ਰਹੋਗੇ।

-ਰਿਪਨਦੀਪ ਸਿੰਘ ਅਤੇ ਖੁਸ਼ਮਨਪ੍ਰੀਤ ਕੌਰ

(9915007002)


rajwinder kaur

Content Editor

Related News