ਦਲਿਤ ਕਬੱਡੀ ਖਿਡਾਰੀ ਦੇ ਕਤਲ ਮਾਮਲੇ ''ਚ ਪੁਲਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼
Wednesday, Jul 14, 2021 - 05:07 PM (IST)
ਮਾਛੀਵਾੜਾ ਸਾਹਿਬ (ਟੱਕਰ) : ਲੰਘੀ 11 ਜੁਲਾਈ ਨੂੰ ਦਿਨ-ਦਿਹਾੜੇ ਰੰਜਿਸ਼ ਕਾਰਨ ਨੌਜਵਾਨ ਦਲਿਤ ਕਬੱਡੀ ਖਿਡਾਰੀ ਅਮਨਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਵੱਲੋਂ ਲਗਾਈ ਗੁਹਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਇੱਕ ਵਫ਼ਦ ਨੇ ਜਿੱਥੇ ਪਰਿਵਾਰ ਦੀ ਸਾਰ ਲਈ, ਉੱਥੇ ਹੀ ਮਾਛੀਵਾੜਾ ਪੁਲਸ ਨੂੰ ਨਿਰਦੇਸ਼ ਦਿੱਤੇ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਫ਼ਦ ’ਚ ਸ਼ਾਮਲ ਗਿਆਨ ਚੰਦ, ਪਰਮਜੀਤ ਕੌਰ ਨੇ ਇੰਦਰਾ ਕਾਲੋਨੀ ਵਿਖੇ ਪੀੜਤ ਪਰਿਵਾਰ ਦੇ ਬਿਆਨ ਲਏ, ਜਿਸ ਵਿਚ ਉਨ੍ਹਾਂ ਕਿਹਾ ਕਿ ਨੌਜਵਾਨ ਅਮਨਦੀਪ ਸਿੰਘ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪਰਿਵਾਰ ਨੇ ਦੱਸਿਆ ਕਿ ਪਹਿਲਾਂ ਤਾਂ ਇਸ ਘਟਨਾ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੱਝ ਹੀ ਘੰਟਿਆਂ ਬਾਅਦ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਦਾ ਕਤਲ ਕੀਤਾ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ 6 ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਬਾਕੀ ਕਾਫ਼ੀ ਗਿਣਤੀ ’ਚ ਅਣਪਛਾਤੇ ਹਨ, ਜਿਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ।
ਉਨ੍ਹਾਂ ਕਿਹਾ ਕਿ ਦੂਜੀ ਧਿਰ ਪਰਿਵਾਰ ਨੂੰ ਧਮਕੀਆਂ ਵੀ ਦੇ ਰਹੀ ਹੈ, ਜਿਸ ਨੂੰ ਦੇਖਦਿਆਂ ਉਨ੍ਹਾਂ ਦੇ ਜਾਨ-ਮਾਲੀ ਦੀ ਰਾਖ਼ੀ ਯਕੀਨੀ ਬਣਾਈ ਜਾਵੇ। ਐੱਸ. ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ ਤੇ ਪਰਮਜੀਤ ਕੌਰ ਨੇ ਉੱਥੇ ਮੌਜੂਦ ਡੀ. ਐੱਸ. ਪੀ. ਜਸਵਿੰਦਰ ਸਿੰਘ ਚਾਹਲ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੂੰ ਨਿਰਦੇਸ਼ ਦਿੱਤੇ ਕਿ ਜੋ ਵੀ ਬਾਕੀ ਕਥਿਤ ਦੋਸ਼ੀ ਹਨ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ 302 ਦੀ ਧਾਰਾ ਦੇ ਨਾਲ ਐੱਸ. ਸੀ. ਐਕਟ ਦੀ ਧਾਰਾ ਦਾ ਵੀ ਵਾਧਾ ਕੀਤਾ ਜਾਵੇ। ਕਮਿਸ਼ਨ ਨੇ ਪੁਲਸ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪਰਿਵਾਰ ਦੇ ਜਾਨ-ਮਾਲ ਦੀ ਰਾਖ਼ੀ ਕੀਤੀ ਜਾਵੇ ਅਤੇ 60 ਦਿਨਾਂ ’ਚ ਇਸ ਮਾਮਲੇ ਸਬੰਧੀ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਾਵੇ। ਇਸ ਤੋਂ ਇਲਾਵਾ ਇੱਕ ਹਫ਼ਤੇ ’ਚ ਪੁਲਸ ਵੱਲੋਂ ਇਸ ਕਤਲ ਘਟਨਾ ਵਿਚ ਜੋ ਕਾਰਗੁਜ਼ਾਰੀ ਹੈ, ਉਸਦੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨ ਚੰਦ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਨੌਜਵਾਨ ਅਮਨਦੀਪ ਸਿੰਘ ਦੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਸਰਕਾਰ ਵੱਲੋਂ ਬਣਦਾ 8.25 ਲੱਖ ਰੁਪਏ ਦਾ ਮੁਆਵਜ਼ਾ ਜਲਦ ਦਿਵਾਇਆ ਜਾਵੇਗਾ। ਇਸ ਮਾਮਲੇ ਵਿਚ ਐੱਸ. ਸੀ. ਕਮਿਸ਼ਨ ਦੀ ਪੂਰੀ ਨਜ਼ਰ ਰਹੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਕੌਂਸਲਰ ਪਰਮਜੀਤ ਪੰਮੀ, ਅਮਰਜੀਤ ਸਿੰਘ ਕਾਲਾ, ਕੁਲਵਿੰਦਰ ਸਿੰਘ ਮਾਣੇਵਾਲ, ਚੇਅਰਮੈਨ ਧਰਮਵੀਰ ਧੰਮੀ, ਕਾਮਰੇਡ ਦਰਸ਼ਨ ਲਾਲ, ਨਿਰੰਜਨ ਸਿੰਘ ਨੂਰ ਆਦਿ ਵੀ ਮੌਜੂਦ ਸਨ।