ਮੈਚ ਖੇਡ ਕੇ ਪਰਤ ਰਹੇ ਕਬੱਡੀ ਖਿਡਾਰੀ ਦੇ ਮਾਰੀਆਂ ਗੋਲ਼ੀਆਂ, ਹੋਈ ਮੌਤ (ਵੀਡੀਓ)
Tuesday, Feb 07, 2023 - 08:25 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬੀਤੇ ਦਿਨ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਦੇ ਪਿੰਡ ਦਹੀਆ ’ਚ ਹੋਈ ਫਾਇਰਿੰਗ ਮਾਮਲੇ ’ਚ ਜ਼ਖ਼ਮੀ ਨੌਜਵਾਨ ਕਬੱਡੀ ਖਿਡਾਰੀ ਹਰਪਿੰਦਰ ਸਿੰਘ (26) ਦੀ ਵੀ ਅੱਜ ਅੰਮ੍ਰਿਤਸਰ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਹੋਇਆ, ਜਿਥੇ ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਇਕਤਰਫ਼ਾ ਕਾਰਵਾਈ ਕਰਨ ਦੇ ਦੋਸ਼ ਲਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਹਰਪਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਟਾਲਾ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਹਰਪਿੰਦਰ ਸਿੰਘ ਕਬੱਡੀ ਦਾ ਸ਼ੌਕੀਨ ਸੀ ਅਤੇ ਉਕਤ ਦਿਨ ਦੇਰ ਸ਼ਾਮ ਨੂੰ ਕਬੱਡੀ ਦਾ ਮੈਚ ਖੇਡ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮ੍ਰਿਤਕ ਸਰਵਣ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਤੋਂ ਹੀ ਤਿਆਰੀ ਅਨੁਸਾਰ ਹਰਪਿੰਦਰ ਸਿੰਘ ਨੂੰ ਰਸਤੇ ’ਚ ਹੀ ਘੇਰ ਲਿਆ ਅਤੇ ਗੋਲ਼ੀਆਂ ਚਲਾ ਕੇ ਹਰਪਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜੋ ਦੋਸ਼ ਉਨ੍ਹਾਂ ’ਤੇ ਲਗਾਏ ਗਏ ਹਨ ਕਿ ਉਨ੍ਹਾਂ ਵੱਲੋਂ ਘਰ ’ਚ ਵੜ ਕੇ ਹਮਲਾ ਕੀਤਾ ਗਿਆ, ਉਹ ਸਾਰੇ ਝੂਠੇ ਹਨ, ਉਥੇ ਹੀ ਮ੍ਰਿਤਕ ਨੌਜਵਾਨ ਹਰਪਿੰਦਰ ਸਿੰਘ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ।
ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਹਰਪਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਅਤੇ ਉਸ ਦੇ 21 ਸਾਲਾ ਪੁੱਤ ਨੂੰ ਵੀ ਪੁਲਸ ਨੇ ਘਰੋਂ ਗ੍ਰਿਫ਼ਤਾਰ ਕਰਦੇ ਹੋਏ ਕੇਸ ’ਚ ਨਾਮਜ਼ਦ ਕਰ ਦਿੱਤਾ ਹੈ, ਜਦਕਿ ਜਤਿੰਦਰ ਸਿੰਘ ਅਤੇ ਉਸ ਦੇ ਪੁੱਤ ਦਾ ਕੋਈ ਕਸੂਰ ਨਹੀਂ ਹੈ। ਹਮਲੇ ਦੌਰਾਨ ਜਤਿੰਦਰ ਅਤੇ ਉਸ ਦਾ ਪੁੱਤ ਮੌਕੇ ’ਤੇ ਮੌਜੂਦ ਹੀ ਨਹੀਂ ਸਨ।
ਇਹ ਵੀ ਪੜ੍ਹੋ : ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਗੱਡੀਆਂ ਸਣੇ 6 ਚੜ੍ਹੇ ਪੁਲਸ ਅੜਿੱਕੇ
ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਬਟਾਲਾ ਪਹੁੰਚੇ ਡੀ. ਐੱਸ. ਪੀ. ਗੁਰਬਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਹਰਪਿੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਬਾਕੀ ਇਸ ਕੇਸ ’ਚ ਪਹਿਲਾਂ ਹੀ ਐੱਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ। ਹੁਣ ਹਰਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਇਸ ਧਿਰ ਦੇ ਹੱਕ ’ਚ ਵੀ ਮਾਮਲਾ ਦਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਦਹੀਆ ’ਚ ਬੀਤੇ ਦਿਨ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ ’ਚ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਪੁਲਸ ਨੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਿੰਨ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।