ਕਬੱਡੀ ਖਿਡਾਰੀ ਦੀ ਮੌਤ ਮਾਮਲੇ ’ਚ 2 ਗ੍ਰਿਫ਼ਤਾਰ
Tuesday, Jul 16, 2024 - 06:07 PM (IST)
ਭਾਦਸੋਂ (ਅਵਤਾਰ) : ਬੀਤੇ ਦਿਨੀਂ ਸ਼ਹਿਰ ਦੇ ਵਾਰਡ ਨੰਬਰ 6 ਦੇ 37 ਕੁ ਸਾਲਾ ਨੌਜਵਾਨ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਉਰਫ ਬੰਟੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰ ਦੇ ਬਿਆਨਾਂ ਉਪਰੰਤ ਭਾਦਸੋਂ ਪੁਲਸ ਵੱਲੋਂ 9 ਵਿਅਕਤੀਆਂ ਖਿਲ਼ਾਫ ਬੀ. ਐੱਨ. ਐੱਸ. ਦੀ ਧਾਰਾ 105 ਤਹਿਤ ਮੁਕੱਦਮਾ ਦਰਜ ਕਰ ਲਿਆ ਸੀ। ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ’ਚੋਂ 2 ਵਿਅਕਤੀਆਂ ਸੰਜੀਵ ਕੁਮਾਰ ਪੁੱਤਰ ਜੀਵਨ ਕੁਮਾਰ ਵਾਸੀ ਭਾਦਸੋਂ ਅਤੇ ਲਛਮੀ ਪਤਨੀ ਬਲਵੀਰ ਸਿੰਘ ਵਾਸੀ ਰੋਹਟੀ ਛੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਥਾਣਾ ਭਾਦਸੋਂ ਵਿਖੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ ’ਤੇ ਜਸਵੀਰ ਸਿੰਘ ਐੱਸ. ਪੀ. ਪੀ. ਬੀ. ਆਈ., ਦਵਿੰਦਰ ਅੱਤਰੀ ਡੀ. ਐੱਸ. ਪੀ. ਨਾਭਾ ਅਤੇ ਥਾਣਾ ਮੁਖੀ ਸਬ-ਇੰਸਪੈਕਟਰ ਇੰਦਰਜੀਤ ਸਿੰਘ ਨੇ ਪ੍ਰੈੱਸ ਨਾਲ ਇਕ ਅਹਿਮ ਮੀਟਿੰਗ ਕਰ ਕੇ ਘਟਨਾਕ੍ਰਮ ਸਬੰਧੀ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਮਿਤੀ 13 ਜੁਲਾਈ ਦੀ ਰਾਤ ਨੂੰ ਸਤਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੀ ਡਰੱਗ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸੰਜੀਵ ਕੁਮਾਰ ਦੁਆਰਾ ਸਤਵਿੰਦਰ ਸਿੰਘ ਨੂੰ ਨਸ਼ਾ ਦਿੱਤਾ ਗਿਆ। ਇਹ ਨਸ਼ਾ ਦੋਨੋਂ ਰੋਹਟੀ ਤੋਂ ਲਿਆਏ ਅਤੇ ਜ਼ਿਆਦਾ ਨਸ਼ਾ ਕਰਨ ਨਾਲ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਸੀ।
ਐੱਸ. ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਅਤੇ ਲਛਮੀ ਸਮੇਤ ਬਾਕੀ 7 ’ਤੇ ਧਾਰਾ 105 ਬੀ. ਐੱਨ. ਐੱਸ. ਤਹਿਤ ਮੁਕੱਦਮਾ ਦਰਜ ਕਰਕੇ ਸੰਜੀਵ ਕੁਮਾਰ ਅਤੇ ਲਛਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵਲੋਂ ਕੀਤੀ ਗਈ ਤਫਤੀਸ਼ ਨਾਲ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਤੇ ਸੰਜੀਵ ਇਹ ਨਸ਼ਾ ਪਿੰਡ ਰੋਹਟੀ ਦੀਆਂ ਮਹਿਲਾਵਾਂ ਲਛਮੀ, ਬਿਮਲਾ, ਚਰਨੋ, ਭੋਲੀ, ਛੋਟੀ ਅਤੇ ਨੌਜਵਾਨ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਫੌਜਾ ਸਿੰਘ, ਰਾਜੂ ਪੁਤਰ ਕੰਗਣ ਸਿੰਘ ਅਤੇ ਸੋਨੀ ਦੀ ਘਰਵਾਲੀ ਸੋਨਾ ਵਾਸੀਆਨ ਰੋਹਟੀ ਛੰਨਾ ਪਾਸੋਂ ਲਿਆ ਕੇ ਪੀਂਦੇ ਹਨ। ਇਹ ਨਸ਼ੇ ਦੇ ਸਮੱਗਲਰ ਇਲਾਕੇ ਦੇ ਵਿਅਕਤੀਆਂ ਨੂੰ ਨਸ਼ਾ ਵੇਚਦੇ ਹਨ।
ਐੱਸ. ਐੱਸ. ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ’ਚ ਭੇਜ ਦਿੱਤਾ ਹੈ ਅਤੇ ਬਾਕੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਇਲਾਕੇ ’ਚ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿਓ। ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਜਾਂ ਵਰਤਣ ਵਾਲੇ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ। ਇਸ ਸਮੇਂ ਮੁਣਸ਼ੀ ਗੁਰਪ੍ਰੀਤ ਸਿੰਘ, ਏ. ਐੱਸ. ਆਈ. ਰਾਮ ਸਰਨ, ਤੀਰਥ ਸਿੰਘ ਕਾਂਸਟੇਬਲ, ਇੰਦਰਪ੍ਰੀਤ ਸਿੰਘ, ਗੁਰਜੰਟ ਸਿੰਘ ਆਦਿ ਵੀ ਹਾਜ਼ਰ ਸਨ।