ਜਸਟਿਸ ਰਵੀ ਸ਼ੰਕਰ ਝਾਅ ਹੋਣਗੇ ਪੰਜਾਬ-ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ
Friday, Oct 04, 2019 - 04:22 PM (IST)
ਚੰਡੀਗੜ੍ਹ (ਹਾਂਡਾ) : ਜਸਟਿਸ ਰਵੀ ਸ਼ੰਕਰ ਝਾਅ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ। ਸੁਪਰੀਮ ਕੋਰਟ ਕਾਲੇਜੀਅਮ ਵਲੋਂ ਜਸਟਿਸ ਝਾਅ ਦੀ ਨਿਯੁਕਤੀ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਨੇ ਉਨ੍ਹਾਂ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਦੇ ਅਹੁਦੇ 'ਤੇ ਨਿਯੁਕਤੀ ਦੇ ਹੁਕਮ ਵੀਰਵਾਰ ਨੂੰ ਜਾਰੀ ਕੀਤੇ ਹਨ। ਜਸਟਿਸ ਝਾਅ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈਕੋਰਟ 'ਚ ਸਨ। 14 ਅਕਤੂਬਰ, 1961 ਨੂੰ ਪੈਦਾ ਹੋਏ ਜਸਟਿਸ ਝਾਅ ਨੇ ਸਾਲ 1986 'ਚ ਮੱਧ ਪ੍ਰਦੇਸ਼ ਹਾਈਕੋਰਟ ਤੋਂ ਵਕਾਲਤ ਸ਼ੁਰੂ ਕੀਤੀ ਸੀ।
2 ਫਰਵਰੀ, 2007 ਨੂੰ ਉਨ੍ਹਾਂ ਨੂੰ ਮੱਧ ਪ੍ਰਦੇਸ਼ ਹਾਈਕੋਰਟ 'ਚ ਸਥਾਈ ਜੱਜ ਵਜੋਂ ਨਿਯੁਕਤੀ ਮਿਲੀ ਸੀ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਲਈ ਇਕ ਹੋਰ ਜੱਜ ਦੀ ਨਿਯੁਕਤੀ ਦੇ ਹੁਕਮ ਜਾਰੀ ਕਰਦਿਆਂ ਤੇਲੰਗਾਨਾ ਹਾਈਕੋਰਟ ਦੇ ਜਸਟਿਸ ਪੀ. ਵੀ. ਸੰਜੇ ਕੁਮਾਰ ਦੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਟਰਾਂਸਫਰ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਨੂੰ 17 ਅਕਤੂਬਰ ਨੂੰ ਹਾਈਕੋਰਟ 'ਚ ਆਪਣਾ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।