ਜਮਾਲਪੁਰ ਫ਼ਰਜ਼ੀ ਪੁਲਸ ਮੁਕਾਬਲਾ : ਇਨਸਾਫ਼ ਮਿਲਣ ਤੋਂ ਬਾਅਦ ਛਲਕਿਆ ਮਾਪਿਆਂ ਦਾ ਦਰਦ

10/10/2022 8:13:29 PM

ਮਾਛੀਵਾੜਾ ਸਾਹਿਬ (ਟੱਕਰ) : ਪਿੰਡ ਬੋਹਾਪੁਰ ਦੇ ਦੋ ਸਕੇ ਭਰਾਵਾਂ ਦਾ 27 ਸਤੰਬਰ 2014 ਨੂੰ ਜਮਾਲਪੁਰ ਵਿਖੇ ਹੋਏ ਫ਼ਰਜ਼ੀ ਪੁਲਸ ਮੁਕਾਬਲੇ ਵਿਚ ਕਤਲ ਦੇ ਮਾਮਲੇ ਵਿਚ ਅਦਾਲਤ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਪਿੰਡ ਖੋਖਰਾਂ ਦੇ ਅਕਾਲੀ ਆਗੂ ਤਰਸੇਮ ਸਿੰਘ ਸੈਮ, ਪੁਲਸ ਮੁਲਾਜ਼ਮ ਯਾਦਵਿੰਦਰ ਸਿੰਘ ਅਤੇ ਹੋਮਗਾਰਡ ਅਜੀਤ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਤੋਂ ਬਾਅਦ ਕਤਲ ਕੀਤੇ ਗਏ ਨੌਜਵਾਨਾਂ ਜਤਿੰਦਰ ਸਿੰਘ ਉਰਫ਼ ਗੋਲਡੀ ਅਤੇ ਹਰਿੰਦਰ ਸਿੰਘ ਉਰਫ਼ ਲਾਲੀ ਦੇ ਪਿਤਾ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ 8 ਸਾਲ ਬਾਅਦ ਇਨਸਾਫ਼ ਮਿਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਭਰੋਸਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਪਾਲ ਸਿੰਘ ਨੇ ਕਿਹਾ ਕਿ ਉਸ ਦੇ ਦੋ ਪੁੱਤਰ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਰਸੂਖ਼ਦਾਰਾਂ ਦੀਆਂ ਅੱਖਾਂ ਵਿਚ ਰੜਕਦੇ ਸਨ ਜਿਨ੍ਹਾਂ ਨੇ ਫ਼ਰਜ਼ੀ ਪੁਲਸ ਮੁਕਾਬਲਾ ਬਣਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ। ਪਿਤਾ ਸਤਪਾਲ ਨੇ ਕਿਹਾ ਕਿ ਦੋ ਨੌਜਵਾਨ ਪੁੱਤਰਾਂ ਦੀ ਮੌਤ ਦਾ ਗ਼ਮ ਭੁਲਾਉਣਾ ਹੀ ਅਜੇ ਔਖਾ ਸੀ ਕਿ ਉਨ੍ਹਾਂ ਦੀ ਇਕਲੌਤੀ ਧੀ ਦੀ ਵੀ ਕੁੱਝ ਸਾਲ ਬਾਅਦ ਮੌਤ ਹੋ ਗਈ ਜਿਸ ਕਾਰਨ ਅਸੀਂ ਤਾਂ ਬਸ ਹੁਣ ਆਪਣੀ ਬਚੀ ਜ਼ਿੰਦਗੀ ਕੱਟ ਰਹੇ ਹਾਂ।

ਇਹ ਖ਼ਬਰ ਵੀ ਪੜ੍ਹੋ - ਹਾਲ-ਏ-ਪੰਜਾਬ! 14 ਸਾਲਾ ਬੱਚੇ ਨੂੰ ਜ਼ਬਰਦਸਤੀ ਚਿੱਟੇ 'ਤੇ ਲਾਇਆ, ਸੁਣੋ ਨਾਬਾਲਿਗ ਦੇ ਹੈਰਾਨੀਜਨਕ ਖ਼ੁਲਾਸੇ

ਸਤਪਾਲ ਸਿੰਘ ਨੇ ਕਿਹਾ ਕਿ ਉਸ ਦੇ ਦੋਵੇਂ ਲੜਕੇ ਆਮ ਆਦਮੀ ਪਾਰਟੀ ਦੇ ਵਰਕਰ ਸਨ ਅਤੇ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਪਾਰਟੀ ਲਈ ਡੱਟ ਕੇ ਕੰਮ ਕੀਤਾ। ਉਨ੍ਹਾਂ ਦੀ ਮੌਤ ’ਤੇ ਸਿਆਸੀ ਆਗੂਆਂ ਨੇ ਬੇਸ਼ੱਕ ਉਨ੍ਹਾਂ ਨੂੰ ਸ਼ਹੀਦ ਦਾ ਦਰਜ਼ਾ ਦੇਣ ਦੇ ਦਾਅਵੇ ਕੀਤੇ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਸੀ, ਪਰ ਕੁੱਝ ਕੁ ਚੋਣਵੇਂ ਵਿਅਕਤੀ ਹੀ ਇਸ ਇਨਸਾਫ਼ ਦੀ ਜੰਗ ਵਿਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ। ਪਿਤਾ ਸਤਪਾਲ ਨੇ ਕਿਹਾ ਕਿ ਆਪਣੇ ਪੁੱਤਰਾਂ ਦੇ ਕਤਲ ਦਾ ਇਨਸਾਫ਼ ਲੈਣ ਲਈ ਵਿਸ਼ੇਸ਼ ਤੌਰ ’ਤੇ ਐਕਸ਼ਨ ਕਮੇਟੀ ਦੇ ਮੈਂਬਰ ਕਾਮਰੇਡ ਤਰਸੇਮ ਯੋਧਾਂ, ਹਾਈਕੋਰਟ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਇਹ ਸਾਰਾ ਲੜਿਆ। ਉਨ੍ਹਾਂ ਕਿਹਾ ਕਿ ਉੱਚ ਅਦਾਲਤ ਵਿਚ ਵੀ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਉਹ ਪੈਰਵਾਈ ਕਰਨਗੇ।

ਮੁੱਖ ਮੰਤਰੀ ਭਗਵੰਤ ਮਾਨ ਪੀੜਤ ਪਰਿਵਾਰ ਦੀ ਬਾਂਹ ਫੜ ਕੇ ਆਪਣਾ ਵਾਅਦਾ ਪੂਰਾ ਕਰੇ : ਕਾਮਰੇਡ ਯੋਧਾਂ

ਸਾਬਕਾ ਵਿਧਾਇਕ ਤੇ ਮਜ਼ਦੂਰ ਵਰਗ ਦੇ ਆਗੂ ਕਾਮਰੇਡ ਤਰਸੇਮ ਯੋਧਾਂ ਨੇ ਕਿਹਾ ਕਿ ਫਰਜ਼ੀ ਪੁਲਸ ਮੁਕਾਬਲਾ ਦਿਖਾ ਕੇ ਮਾਰੇ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਮਾਪਿਆਂ ਨੇ 8 ਸਾਲ ਲੰਬੀ ਲੜਾਈ ਲੜੀ ਅਤੇ ਆਖਰ ਇਨਸਾਫ਼ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਇਹ ਦੋਵੇਂ ਨੌਜਵਾਨ ਕਤਲ ਕੀਤੇ ਗਏ ਸਨ ਤਾਂ ਉਸ ਸਮੇਂ ਐੱਮ.ਪੀ. ਰਹੇ ਤੇ ਹੁਣ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਉਹ ਪਰਿਵਾਰ ਦਾ ਡੱਟ ਕੇ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਵੀ ਪਰਿਵਾਰ ਕੋਲ ਖਸਤਾ ਹਾਲਤ ਘਰ ਹੈ, ਦੋਵੇਂ ਪੁੱਤਰ ਤੇ ਧੀ ਜਹਾਨ ਤੋਂ ਤੁਰ ਗਏ ਅਤੇ ਹੁਣ ਉਨ੍ਹਾਂ ਦੇ ਪਾਲਣ-ਪੋਸ਼ਣ ਲਈ ਮੁੱਖ ਮੰਤਰੀ ਨੂੰ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇ ਕੇ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਕਾਮਰੇਡ ਯੋਧਾਂ ਨੇ ਕਿਹਾ ਕਿ ਨੌਜਵਾਨਾਂ ਦੇ ਕਤਲ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬੜੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਇਕ ਸਾਲ ਬਾਅਦ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਲਿਆਂ ਦਾ ਕਾਫ਼ਿਲਾ ਘਟਦਾ ਗਿਆ। ਉਨ੍ਹਾਂ ਕਿਹਾ ਕਿ ਅੱਜ ਫਿਰ ਸੱਚਾਈ ਦੀ ਜਿੱਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਟਰਾਂਸਪੋਰਟ ਵਿਭਾਗ ਦੀ ਕਮਾਈ ’ਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਹੋਇਆ ਵਾਧਾ : ਲਾਲਜੀਤ ਭੁੱਲਰ


Anuradha

Content Editor

Related News