ਐੱਸ. ਟੀ. ਐੱਫ. ਟੀਮ ਨੇ ਸਵਾ ਕਰੋੜ ਦੀ ਹੈਰੋਇਨ ਸਮੇਤ 2 ਨੂੰ ਕੀਤਾ ਕਾਬੂ

Thursday, Feb 08, 2018 - 12:20 PM (IST)

ਐੱਸ. ਟੀ. ਐੱਫ. ਟੀਮ ਨੇ ਸਵਾ ਕਰੋੜ ਦੀ ਹੈਰੋਇਨ ਸਮੇਤ 2 ਨੂੰ ਕੀਤਾ ਕਾਬੂ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਤਰਨਤਾਰਨ ਦੇ ਏ. ਐੱਸ. ਆਈ ਬਲਵਿੰਦਰ ਸਿੰਘ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਬੁੱਧਵਾਰ ਨੂੰ ਪੁੱਲ ਡਰੇਨ ਚੀਮਾ ਕਲਾਂ ਸਥਿਤ ਨਾਕੇ ਦੌਰਾਨ 2 ਵਿਅਕਤੀਆਂ ਨੂੰ ਸਵਾ ਕਰੋੜ ਦੀ ਹੈਰੋਇਨ ਸਮੇਤ ਕਾਬੂ ਕਰਕੇ 3 ਲੋਕਾਂ ਵਿਰੋਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਨਸ਼ਾ ਰੋਕੂ ਐੱਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਐੱਸ. ਟੀ. ਐੱਫ. ਤਰਨਤਾਰਨ ਕਿਰਪਾਲ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਵੱਲੋਂ ਟੀਮ ਨੂੰ ਇਤਲਾਹ ਦਿੱਤੀ ਗਈ ਸੀ ਕਿ ਪ੍ਰਦੀਪ ਕੁਮਾਰ ਪੁੱਤਰ ਮੱਸਾ ਸਿੰਘ ਵਾਸੀ ਚੀਮਾ ਕਲਾਂ, ਸੁਖਮਨਦੀਪ ਸਿੰਘ ਉਰਫ ਬੌਬੀ ਪੁੱਤਰ ਦਿਲਬਾਗ ਸਿੰਘ ਵਾਸੀ ਚੀਮਾ ਖੁਰਦ ਅਤੇ ਮਲਕੀਅਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾ ਕਲਾਂ ਹੈਰੋਇਨ ਦੀ ਸਮਗਲਿੰਗ ਕਰਨ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਹਰਜਿੰਦਰ ਸਿੰਘ ਤੇ ਹੌਲਦਾਰ ਬਲਬੀਰ ਸਿੰਘ ਦੇ ਅਧਾਰਿਤ ਐੱਸ. ਟੀ. ਐੱਫ. ਦੀ ਟੀਮ ਵੱਲੋਂ ਪੁੱਲ ਡਰੇਨ ਚੀਮਾ ਕਲਾਂ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਮੋਟਰਸਾਇਕਲ 'ਤੇ ਸਵਾਰ ਆ ਰਹੇ 2 ਸ਼ੱਕੀ ਨੌਜਵਾਨਾਂ ਵੱਲੋਂ ਪੁਲਸ ਦਾ ਨਾਕਾ ਲੱਗਾ ਵੇਖ ਕੇ ਵਾਪਸ ਦੌੜਣ ਦੀ ਕੋਸ਼ਿਸ਼ ਕੀਤੀ ਗਈ। ਟੀਮ ਵੱਲੋਂ ਉਕਤ ਲੋਕਾਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਲੈਣ 'ਤੇ ਇਕ ਨੌਜਵਾਨ ਜਿਸ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਮੱਸਾ ਸਿੰਘ ਵਾਸੀ ਚੀਮਾ ਕਲਾਂ ਵਜੋਂ ਹੋਈ ਹੈ ਦੀ ਜੇਬ 'ਚੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਬਜ਼ਾਰੀ ਕੀਮਤ ਸਵਾ ਕਰੋੜ ਰੁਪਏ ਬਣਦੀ ਹੈ ਜਦਕਿ ਉਸਦੇ ਸਾਥੀ ਦੂਜੇ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਉਰਫ ਬੌਬੀ ਪੁੱਤਰ ਦਿਲਬਾਗ ਸਿੰਘ ਵਾਸੀ ਚੀਮਾ ਖੁਰਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਇਕ ਸਾਥੀ ਹੋਰ ਮਲਕੀਅਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾ ਕਲਾਂ ਹੈ, ਜੋ ਅਜੇ ਪੁਲਸ ਗ੍ਰਿਫ਼ਤ ਚੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਉਕਤ ਤਿੰਨਾਂ ਮੁਜ਼ਰਮਾਂ ਵਿਰੋਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਮੁਕਦਮਾਂ ਨੰਬਰ 7 ਐੱਨ. ਡੀ. ਪੀ. ਐੱਸ. ਐੱਕਟ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭੀ ਗਈ ਹੈ।  


Related News