ਕੈਪਟਨ ਦੇ ਨਜ਼ਦੀਕੀ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਨੇ ਦਿੱਤਾ ਅਸਤੀਫਾ

Tuesday, Oct 19, 2021 - 01:50 PM (IST)

ਕੈਪਟਨ ਦੇ ਨਜ਼ਦੀਕੀ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਨੇ ਦਿੱਤਾ ਅਸਤੀਫਾ

ਜਲੰਧਰ/ਮਾਲੇਰਕੋਟਲਾ (ਅਲੀ, ਮਹਿਬੂਬ) : ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਨੇ ਆਖਿਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਹੀ ਦਿੱਤਾ। ਜੁਨੈਦ ਰਜ਼ਾ ਖਾਨ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਦਿੱਤੇ ਅਸਤੀਫੇ ਵਿਚ ਇਹ ਵਿਸ਼ੇਸ਼ ਰੂਪ ਵਿਚ ਵਰਣਨ ਕੀਤਾ ਹੈ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੇਅਰਮੈਨ ਬਣਾਇਆ ਗਿਆ ਸੀ ਕਿਉਂਕਿ ਉਹ ਹੁਣ ਮੁੱਖ ਮੰਤਰੀ ਨਹੀਂ ਰਹੇ, ਇਸ ਲਈ ਉਹ ਵੀ ਨੈਤਿਕ ਰੂਪ ਨਾਲ ਚੇਅਰਮੈਨ ਅਹੁਦੇ ’ਤੇ ਨਹੀਂ ਬਣੇ ਰਹਿਣਾ ਚਾਹੁੰਦੇ, ਇਸ ਲਈ ਉਹ ਆਪਣਾ ਅਸਤੀਫਾ ਦੇ ਰਹੇ ਹਨ। ਵਰਣਨਯੋਗ ਹੈ ਕਿ ਜਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਿਗਆ ਹੈ, ਉਸੇ ਦਿਨ ਤੋਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਸਰਕਾਰ ਵੱਲੋਂ ਤੁਰੰਤ ਵਕਫ ਬੋਰਡ ਨੂੰ ਭੰਗ ਕਰ ਦਿੱਤਾ ਜਾਵੇਗਾ ਜਾਂ ਚੇਅਰਮੈਨ ਨੂੰ ਹਟਾਇਆ ਜਾਵੇਗਾ ਜਾਂ ਫਿਰ ਉਹ ਖੁਦ ਹੀ ਅਸਤੀਫਾ ਦੇ ਦੇਣਗੇ ਪਰ ਜੁਨੈਦ ਰਜ਼ਾ ਖਾਨ ਨੇ ਆਪਣਾ ਅਸਤੀਫਾ ਦੇਣ ਵਿਚ ਬਹੁਤ ਦੇਰ ਕਰ ਦਿੱਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਖ਼ਿਲਾਫ਼ ਕੁਝ ਦਿਨਾਂ ਤੋਂ ਸੂਬੇ ਵਿਚ ਧਰਨੇ-ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ’ਤੇ ਕਈ ਸ਼ਹਿਰਾਂ ਦੀ ਪ੍ਰਾਈਮ ਲੋਕੇਸ਼ਨ ਜ਼ਮੀਨ ’ਤੇ ਕਥਿਤ ਤੌਰ ’ਤੇ ਘਪਲਾ ਕਰਨ ਦਾ ਦੋਸ਼ ਲੱਗ ਰਿਹਾ ਸੀ ਅਤੇ ਇਸਦੀ ਜਾਂਚ ਦੀ ਮੰਗ ਵੀ ਉੱਠ ਰਹੀ ਸੀ।

ਸੂਬੇ ਭਰ ਦੇ ਮੁਸਲਮਾਨਾਂ ਦੀਆਂ ਨਜ਼ਰਾਂ ਅਗਲੇ ਬੋਰਡ ’ਤੇ ਟਿਕੀਆਂ, ਨਵਾਂ ਬੋਰਡ ਬਣੇਗਾ ਜਾਂ ਸਿਰਫ ਚੇਅਰਮੈਨ
ਚੇਅਰਮੈਨ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਸੂਬੇ ਦੇ ਮੁਸਲਮਾਨਾਂ ਦੀਆਂ ਨਜ਼ਰਾਂ ਪੰਜਾਬ ਸਰਕਾਰ ਦੇ ਫੈਸਲੇ ’ਤੇ ਟਿਕੀਆਂ ਹਨ ਕਿ ਉਹ ਸਮੂਹ ਬੋਰਡ ਮੈਂਬਰਾਂ ਤੋਂ ਅਸਤੀਫਾ ਲੈ ਕੇ ਨਵਾਂ ਬੋਰਡ ਬਣਾਏਗੀ ਜਾਂ ਫਿਰ ਮੌਜੂਦਾ ਬੋਰਡ ਵਿਚ ਨਵੇਂ ਚੇਅਰਮੈਨ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਬੋਰਡ ਦਾ ਕਾਰਜਕਾਲ ਵੀ 6 ਮਹੀਨੇ ਪਹਿਲਾਂ ਹੀ ਖਤਮ ਹੋ ਗਿਆ ਹੈ। ਇਸ ਦੀ ਜਨਹਿੱਤ ਪਟੀਸ਼ਨ ਵੀ ਹਾਈ ਕੋਰਟ ਵਿਚ ਦਾਖਲ ਹੈ। ਹੁਣ ਇਹ ਦੇਖਣਾ ਹੋਵੇਗਾ ਸਰਕਾਰ ਕਿਸ ਦੇ ਨਾਂ ’ਤੇ ਚੇਅਰਮੈਨ ਅਹੁਦੇ ਲਈ ਵਿਚਾਰ ਕਰਦੀ ਹੈ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਵਾਂਗ ਸਿਫਾਰਸ਼ ਦੇ ਆਧਾਰ ’ਤੇ ਕਿਸੇ ਗੈਰ-ਕਾਂਗਰਸੀ ਨੂੰ ਨਿਯੁਕਤ ਕੀਤਾ ਜਾਂਦਾ ਹੈ।


author

Anuradha

Content Editor

Related News