ਜੂਸ ਦੀਆਂ ਦੁਕਾਨਾਂ 'ਤੇ ਸਿਹਤ ਵਿਭਾਗ ਦੀ ਰੇਡ, ਕੈਮੀਕਲ ਦਾ ਜ਼ਖੀਰਾ ਬਰਾਮਦ
Wednesday, Oct 09, 2019 - 03:10 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਬਾਹਰ ਚੱਲ ਰਹੀਆਂ ਜੂਸ ਦੀਆਂ ਦੁਕਾਨਾਂ 'ਤੇ ਸਿਹਤ ਵਿਭਾਗ ਵਲੋਂ ਅਚਨਚੇਤ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰੇਡ ਦੌਰਾਨ ਜੂਸ ਅਤੇ ਫਰੂਟ ਦੀਆਂ ਦੁਕਾਨਾਂ ਤੋਂ ਵੱਡੀ ਮਾਤਰਾ 'ਚ ਗਲੇ-ਸੜੇ ਫਰੂਟ ਦੇ ਨਾਲ-ਨਾਲ ਲੋਕਾਂ ਨੂੰ ਪਿਆਏ ਜਾ ਰਹੇ ਜੂਸ ਅਤੇ ਕੱਟੇ ਹੋਏ ਕੁਝ ਫਲ ਬਰਾਮਦ ਹੋਏ ਹਨ, ਜਿਨ੍ਹਾਂ 'ਤੇ ਮੱਖੀਆਂ ਮੰਡਰਾ ਰਹੀਆਂ ਸਨ। ਇਸ ਚੈਕਿੰਗ ਦੌਰਾਨ ਵਿਭਾਗ ਨੇ ਅਨਾਰ ਵਗੈਰਾ ਦਾ ਜੂਸ ਪਿਆਉਣ ਲਈ ਉਸ 'ਚ ਵਰਤਿਆ ਜਾਣ ਵਾਲਾ ਲਾਲ ਰੰਗ ਦਾ ਕੈਮੀਕਲ ਵੀ ਬਰਾਮਦ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਗੰਦਾ ਅਤੇ ਬੀਮਾਰੀਆਂ ਲੱਗਣ ਵਾਲਾ ਜੂਸ ਪਿਲਾ ਕੇ ਜੂਸ ਦੀਆਂ ਦੁਕਾਨਾਂ ਵਾਲੇ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਲੋਕਾਂ ਨੇ ਇਸ ਦੇ ਬਾਰੇ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਪਰ ਅੱਜ ਜਦੋਂ ਵਿਭਾਗ ਦੇ ਅਧਿਕਾਰੀਆਂ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਸਭ ਕੁਝ ਸਾਹਮਣੇ ਆ ਗਿਆ। ਲੋਕਾਂ ਨੇ ਮੰਗ ਕੀਤੀ ਕਿ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਉਕਤ ਦੁਕਾਨਦਾਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਈ ਚਾਹੀਦੀ ਹੈ।
ਫੂਡ ਵਿਭਾਗ ਦੇ ਅਫਸਰ ਮੁਕਲ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਛਾਪੇਮਾਰੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੇ ਮਾਡੇ ਫਲ ਅਤੇ ਕੈਮੀਕਲ ਪਦਾਰਥ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਸਾਰੀਆਂ ਚੀਜ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ, ਜਿਨ੍ਹਾਂ ਦੀ ਉਨ੍ਹਾਂ ਵਲੋਂ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ।