ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ 6 ਨੂੰ ਜੇਲ ਭੇਜਿਆ
Wednesday, Oct 09, 2019 - 11:05 AM (IST)
ਬਾਬਾ ਬਕਾਲਾ ਸਾਹਿਬ (ਅਠੌਲਾ) - ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ, ਜੋ 12 ਸਤੰਬਰ ਤੋਂ ਡੇਰਾ ਬਿਆਸ ਖਿਲਾਫ ਬਿਆਸ ਫਲਾਈਓਵਰ ਹੇਠਾਂ ਧਰਨੇ 'ਤੇ ਬੈਠੇ ਸਨ, ਨੂੰ ਬੀਤੀ ਰਾਤ ਪੁਲਸ ਨੇ ਸਾਥੀਆਂ ਸਣੇ ਗ੍ਰਿਫਤਾਰ ਕਰਕੇ ਥਾਣਾ ਬਿਆਸ ਰੱਖਿਆ ਸੀ। ਇਨ੍ਹਾਂ ਸਾਰਿਆਂ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਡਿਊਟੀ ਮੈਜਿਸਟ੍ਰੇਟ ਮਨਜੀਤ ਸਿੰਘ ਤਹਿਸੀਲਦਾਰ ਦੇ ਹੁਕਮਾਂ 'ਤੇ 5 ਸਾਥੀਆਂ ਸਮੇਤ 10 ਅਕਤੂਬਰ ਤੱਕ ਜੁਡੀਸ਼ੀਅਲ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ। ਇਨ੍ਹਾਂ 'ਚ ਨਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ ਤੇ ਮੱਖਣ ਸਿੰਘ ਦੇ ਨਾਂ ਵਰਣਨਯੋਗ ਹਨ।
ਪੁਲਸ ਅਨੁਸਾਰ ਨੈਸ਼ਨਲ ਹਾਈਵੇ ਵਲੋਂ ਸੜਕ ਰੋਕਣ ਦੀਆਂ ਦਰਖਾਸਤਾਂ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਪੁਲਸ ਬੜੀ ਹੁਸ਼ਿਆਰੀ ਨਾਲ ਉਕਤ ਸਾਰਿਆਂ ਨੂੰ ਕਾਹਲੀ ਨਾਲ ਗੱਡੀ 'ਚ ਬਿਠਾ ਕੇ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਦਾ ਕਹਿ ਕੇ ਅੰਮ੍ਰਿਤਸਰ ਲੈ ਗਏ। ਇਸ ਸਬੰਧੀ ਭਾਈ ਸਿਰਸਾ ਦੇ ਪੁੱਤਰ ਭਾਈ ਮਹਿਤਾਬ ਸਿੰਘ ਨੇ ਦੱਸਿਆ ਕਿ ਭਾਈ ਸਿਰਸਾ ਤੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਲੈ ਕੇ ਜੇਲ ਭੇਜਣ ਤੱਕ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।