ਹਰਿਆਣਾ ਤੋਂ ਬਾਅਦ ਪੰਜਾਬ ''ਚ ਵੀ ਗੱਡੇ ਸਮਰਾਲਾ ਦੀ ਧੀ ਨੇ ਝੰਡੇ, ਬਣੀ ਜੱਜ

Saturday, Feb 15, 2020 - 06:40 PM (IST)

ਹਰਿਆਣਾ ਤੋਂ ਬਾਅਦ ਪੰਜਾਬ ''ਚ ਵੀ ਗੱਡੇ ਸਮਰਾਲਾ ਦੀ ਧੀ ਨੇ ਝੰਡੇ, ਬਣੀ ਜੱਜ

ਸਮਰਾਲਾ (ਗਰਗ) : ਇਥੋਂ ਦੇ ਹੀਰਾ ਪਰਿਵਾਰ ਦੀ 25 ਸਾਲਾ ਬੇਟੀ ਹਰਲੀਨ ਕੌਰ ਨੇ ਹਰਿਆਣਾ ਜੁਡੀਸ਼ੀਅਲ ਦੀ ਪ੍ਰੀਖਿਆ 'ਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬ ਜੁਡੀਸ਼ੀਅਲ ਪ੍ਰੀਖਿਆ ਵਿਚ ਵੀ ਮੈਦਾਨ ਮਾਰਦੇ ਹੋਏ ਤੀਜਾ ਸਥਾਨ ਪ੍ਰਾਪਤ ਕਰਕੇ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ ਐਲਾਨੇ ਗਏ ਨਤੀਜੇ 'ਚ ਹਰਲੀਨ ਕੌਰ ਨੇ ਜਨਰਲ ਕੈਟਾਗਰੀ ਵਿਚ 560 ਨੰਬਰ ਹਾਸਲ ਕਰਕੇ ਸੂਬੇ ਵਿਚੋਂ ਤੀਜਾ ਰੈਂਕ ਹਾਸਲ ਕੀਤਾ ਹੈ। ਇਸ ਤੋਂ ਪਹਿਲਾ ਉਹ ਹਰਿਆਣਾ ਜੁਡੀਸ਼ੀਅਲ ਪ੍ਰੀਖਿਆ ਵੀ 596 ਅੰਕ ਲੈ ਕੇ ਚੌਥੀ ਪੁਜੀਸ਼ਨ ਨਾਲ ਪਾਸ ਕਰ ਚੁੱਕੀ ਹੈ। ਇਥੇ ਹਰਲੀਨ ਕੌਰ ਦੀ ਇਕ ਹੋਰ ਫ਼ਖਰਯੋਗ ਪ੍ਰਾਪਤੀ ਇਹ ਹੈ ਕਿ ਉਹ ਦਿੱਲੀ ਅਤੇ ਰਾਜਸਥਾਨ ਜੁਡੀਸ਼ੀਲੀ ਦੀ ਪ੍ਰੀ-ਪ੍ਰੀਖਿਆ ਵੀ ਪਾਸ ਕਰ ਚੁੱਕੀ ਹੈ। ਇਤਿਹਾਸ ਵਿਚ ਪਹਿਲੀ ਵਾਰ ਇਸ ਪੇਂਡੂ ਖੇਤਰ ਦੀ ਕਿਸੇ ਧੀ ਵੱਲੋਂ ਜੱਜ ਬਣਨ ਦਾ ਮਾਣ ਹਾਸਲ ਕਰਨ ਵਾਲੀ ਹਰਲੀਨ ਕੌਰ ਦੇ ਘਰ ਵਿਚ ਤਾਂ ਖੁਸ਼ੀ ਦਾ ਮਾਹੌਲ ਹੈ ਹੀ ਨਾਲ ਹੀ ਪੂਰਾ ਇਲਾਕਾ ਇਸ ਧੀ ਦੇ ਦੇ ਜੱਜ ਬਣਨ ਦੀ ਖੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾ ਰਿਹਾ। 

ਹੈੱਡਮਾਸਟਰ ਮੇਹਰ ਸਿੰਘ ਹੀਰਾ ਦੀ ਪੋਤਰੀ ਹਰਲੀਨ ਕੌਰ ਆਪਣੇ ਜੱਜ ਬਣਨ ਦਾ ਸਿਹਰਾ ਆਪਣੇ ਪਿਤਾ ਜ਼ਿਲਾ ਹੋਮਿਓਪੈਥੀ ਆਫ਼ਿਸਰ ਡਾ. ਰਜਿੰਦਰ ਸਿੰਘ ਹੀਰਾ ਅਤੇ ਮਾਤਾ ਸੁਖਜੀਤ ਕੌਰ (ਐੱਮ.ਫਿੱਲ) ਦੇ ਨਾਲ-ਨਾਲ ਆਪਣੇ ਪ੍ਰੋਫੈਸਰ ਡਾ. ਮਨੋਜ ਸ਼ਰਮਾ ਨੂੰ ਦਿੰਦੀ ਹੈ। ਉਸ ਨੇ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਤੋਂ ਐੱਲ.ਐੱਲ.ਬੀ. ਦੀ ਡਿਗਰੀ 2018 ਅਤੇ ਐੱਲ.ਐੱਲ.ਐੱਮ. ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ 2019 'ਚ ਪਾਸ ਕੀਤੀ ਹੈ। ਹਰਲੀਨ ਕੌਰ ਆਪਣੀ ਪੜ੍ਹਾਈ ਅਤੇ ਪੀ.ਸੀ.ਐੱਸ. ਜੁਡੀਸ਼ੀਅਲ ਦੇ ਇਮਤਿਹਾਨ ਵਿਚ ਸਫ਼ਲਤਾ ਲਈ ਆਪਣੇ ਤਾਇਆ ਰਿਟਾ. ਡਿਪਟੀ ਚੀਫ਼ ਆਰਮੀ ਨਰਿੰਦਰਪਾਲ ਸਿੰਘ ਹੀਰਾ ਨੂੰ ਦਿੰਦੇ ਹੋਏ ਕਹਿੰਦੀ ਹੈ ਕਿ ਉਨ੍ਹਾਂ ਦੀ ਪ੍ਰੇਰਣਾ ਅਤੇ ਮਾਰਗ ਦਰਸ਼ਨ ਨੇ ਉਸ ਨੂੰ ਇਸ ਮੁਕਾਮ ਉੱਤੇ ਪਹੁੰਚਾਇਆ ਹੈ।ਹਰਲੀਨ ਕੌਰ ਨੇ ਦੱਸਿਆ ਕਿ ਭਾਂਵੇ ਉਸ ਦੀ ਜੱਜ ਵਜੋਂ ਹਰਿਆਣਾ ਅਤੇ ਪੰਜਾਬ ਦੋਵੇਂ ਸੂਬਿਆਂ ਵਿਚ ਸਲੈਕਸ਼ਨ ਹੋ ਗਈ ਹੈ ਪਰ ਅਜੇ ਇਹ ਫੈਸਲਾ ਲੈਣਾ ਬਾਕੀ ਹੈ ਕਿ ਉਹ ਆਪਣੀ ਸਰਵਿਸ ਲਈ ਕਿਸ ਸੂਬੇ ਵਿਚ ਜਾਵੇਗੀ। 

ਸਖ਼ਤ ਮਿਹਨਤ ਨਾਲ ਕੀਤਾ ਮੁਕਾਮ ਹਾਸਲ
ਇਸ ਸਫ਼ਲਤਾ ਲਈ ਰੋਜ਼ਾਨਾ 10 ਘੰਟੇ ਪੜ੍ਹਨ ਵਾਲੀ ਹਰਲੀਨ ਕੌਰ ਦਾ ਕਹਿਣਾ ਹੈ ਕਿ ਜੇਕਰ ਘਰ ਵਿਚ ਹੀ ਸਖ਼ਤ ਮਿਹਨਤ ਕਰ ਲਈ ਜਾਵੇ ਤਾਂ ਜੱਜ ਬਣਨ ਲਈ ਕੋਚਿੰਗ ਦੀ ਲੋੜ ਨਹੀਂ ਪੈਂਦੀ। ਉਸ ਨੇ ਕਿਹਾ ਕਿ ਜੱਜ ਬਣਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੀ ਕੋਚਿੰਗ ਸੈਂਟਰਾਂ 'ਤੇ ਨਿਰਭਤਾ ਛੱਡ ਕੇ ਆਪਣੀ ਮਿਹਨਤ 'ਤੇ ਯਕੀਨ ਰੱਖਣਾ ਚਾਹੀਦਾ ਹੈ।


author

Gurminder Singh

Content Editor

Related News