ਪੰਜਾਬੀ ਗਾਇਕੀ ’ਚ ਵੱਡੀ ਪਛਾਣ ਬਣਾਉਣ ਵਾਲੇ ਸਰਦੂਲ ਸਿਕੰਦਰ ਦਾ ਅਜਿਹਾ ਰਿਹਾ ਸਫ਼ਰ

2/25/2021 2:44:01 PM

ਜਲੰਧਰ (ਵੈਬ ਡੈਸਕ) : ਸਾਲ 1980 ਦੇ ਸ਼ੁਰੂਆਤੀ ਦੌਰ 'ਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਸਦਕਾ ਰੇਡੀਓ ਅਤੇ ਟੀਲੀਵਿਜ਼ਨ ਰਾਹੀਂ ਆਗਾਜ਼ ਕਰਨ ਵਾਲੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅੱਜ ਅਲਵਿਦਾ ਆਖ ਗਏ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜ੍ਹੀ ਨੌਧ ਸਿੰਘ 'ਚ ਜਨਮੇ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਸੰਗੀਤ ਜਗਤ ਦੇ ਇਸ ਲਾਸਾਨੀ ਸਿਤਾਰੇ ਨੇ ਗਾਇਕੀ ਤੋਂ ਇਲਾਵਾ ਕੁਝ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ, ਜਿਸ 'ਚ ‘ਜੱਗਾ ਡਾਕੂ’ ਦਾ ਨਾਂ ਖਾਸ ਹੈ। ਆਪਣੇ ਇਸ ਸੰਗੀਤਕ ਸਫ਼ਰ 'ਚ ਸਰਦੂਲ ਸਿਕੰਦਰ ਨੇ ਪੰਜਾਬੀਆਂ ਦੀ ਝੋਲੀ ਬੇਸ਼ੁਮਾਰ ਗੀਤ ਪਾਏ, ਜੋ ਅੱਜ ਵੀ ਉਨ੍ਹਾਂ ਸਮਿਆਂ ਦੇ ਲੋਕਾਂ ਦੀ ਜ਼ਬਾਨ 'ਤੇ ਸ਼ਰਾਬੋਰ ਹਨ। ਸਾਲ 1991 'ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ 'ਹੁਸਨ ਦੇ ਮਾਲਕੋ' ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ, ਜਿਸ ਦੀਆਂ ਅੰਤਰਰਾਸ਼ਟਰੀ ਪੱਧਰ ’ਤੇ ਪੰਜ ਮਿਲੀਅਨ ਤੋਂ ਵਧੇਰੇ ਕਾਪੀਆਂ ਵਿਕੀਆਂ ਅਤੇ ਇਹ ਵਿਕਰੀ ਅਜੇ ਤੱਕ ਵੀ ਜਾਰੀ ਹੈ। ਆਪਣੇ ਮਾਤਾ-ਪਿਤਾ ਨਾਲ ਦੁਨੀਆਂ ਘੁੰਮਦਿਆਂ ਉਨ੍ਹਾਂ ਆਪਣੇ ਸੰਗੀਤ 'ਚ ਇੱਕ ਵੱਖਰਾ ਟੇਸਟ ਅਤੇ ਸਟਾਈਲ ਲਿਆਂਦਾ।1986 ਦਾ ਉਹ ਮੁਕੱਦਸ ਸਮਾਂ ਆਇਆ ਜਦੋਂ ਉਨ੍ਹਾਂ  ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਦੇ ਨਾਲ ਹੋਈ। ਇਹ ਕਿਸਮਤ ਹੀ ਸੀ ਜਿਸਨੇ ਦੋਵਾਂ ਨੂੰ ਇੱਕੋਂ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਦੀ ਕੈਮਿਸਟਰੀ ਇੰਨੀ ਸ਼ਾਨਦਾਰ ਸੀ ਕਿ ਕੁੱਝ ਹੀ ਸਮੇਂ 'ਚ ਉਹ ਦੁਨੀਆਂ ਭਰ 'ਚ ਅਜਿਹੀ ਪੰਜਾਬੀ ਗਾਇਕ ਜੋੜੀ ਬਣ ਕੇ ਉੱਭਰੀ, ਜਿਸਦੀ ਮੰਗ ਸਭ ਤੋਂ ਜ਼ਿਆਦਾ ਹੋਣ ਲੱਗੀ। ਉਹਨਾਂ ਵਿਚਕਾਰ ਸ਼ਾਨਦਾਰ ਕੈਮਿਸਟਰੀ ਦੋਵਾਂ ਦੇ ਦਿਲਾਂ 'ਚ ਇੱਕ ਦੂਜੇ ਲਈ ਮੁਹੱਬਤ ਦਾ ਹੀ ਨਤੀਜਾ ਸੀ।

PunjabKesari

ਇਸ ਤਰ੍ਹਾਂ ਕੀਤਾ ਪਿਆਰ ਦਾ ਇਜ਼ਹਾਰ
ਆਖਰਕਾਰ ਕੁੱਝ ਸਾਲ ਬਾਅਦ ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ ਪਰ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਹ ਜਦੋਂ ਆਪਣੇ ਦਿਲ ਦੀ ਗੱਲ ਬੋਲ ਨਹੀਂ ਸਕੇ ਤਾਂ ਉਨ੍ਹਾਂ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ। ਸਰਦੂਲ ਸਿਕੰਦਰ ਨੇ ਕਾਫੀ ਕੋਸ਼ਿਸ ਤੋਂ ਬਾਅਦ ਅਮਰ ਨੂਰੀ ਦੀ ਉਹ ਡਾਇਰੀ ਚੁੱਕ ਲਈ, ਜਿਸ 'ਚ ਉਹ ਆਪਣੇ ਗੀਤ ਲਿਖਿਆ ਕਰਦੇ ਸਨ। ਉਨ੍ਹਾਂ ਉਸ ਡਾਇਰੀ 'ਚ ਮੁਹੱਬਤ ਦਾ ਪੈਗਾਮ ਲਿਖਣ ਤੋਂ ਬਾਅਦ ਉਸਨੂੰ ਅਮਰ ਨੂਰੀ ਦੇ ਟੇਬਲ 'ਤੇ ਵਾਪਸ ਰੱਖ ਦਿੱਤਾ। ਹੁਣ ਵਾਰੀ ਅਮਰ ਨੂਰੀ ਦੀ ਸੀ, ਉਸ ਪੈਗਾਮ ’ਤੇ ਆਪਣੀ ਮੁਹੱਬਤ ਦੀ ਮੋਹਰ ਲਗਾਉਣ ਦੀ। ਬਹਿਰਹਾਲ, ਅਮਰ ਨੂਰੀ ਦੇ ਦਿਲ 'ਚ ਵੀ ਸਰਦੂਲ ਸਿਕੰਦਰ ਲਈ ਮੁਹੱਬਤ ਸੀ, ਜਿਸਦਾ ਇਜ਼ਹਾਰ ਉਨ੍ਹਾਂ ਨੇ ਵੀ ਨਹੀਂ ਕੀਤਾ ਸੀ। ਅਮਰ ਨੂਰੀ ਨੇ ਉਸ ਡਾਇਰੀ 'ਚ ਆਪਣਾ ਸੁਨੇਹਾ ਲਿਖ ਸਰਦੂਲ ਸਿਕੰਦਰ ਨੂੰ ਦੇ ਦਿੱਤਾ। ਜਿਉਂ ਹੀ ਸਰਦੂਲ ਨੇ ਉਹ ਸੁਨੇਹਾ ਪੜਿਆ ਤਾਂ ਖੁਸ਼ੀ 'ਚ ਨੱਚਣ ਲੱਗੇ। ਕਿਉਂਕਿ ਸਰਦੂਲ ਸਿਕੰਦਰ ਦੇ ਉਸ ਪੈਗਾਮ ਦੇ ਜਵਾਬ ਦਿੰਦੇ ਹੋਏ ਅਮਰ ਨੂਰੀ ਨੇ ਹਾਂ ਕਰ ਦਿੱਤੀ ਸੀ। ਇੱਕ ਦੂਜੇ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਲੀ ਇਹ ਜੋੜੀ 30 ਜਨਵਰੀ 1993 ਨੂੰ ਵਿਆਹ ਦੇ ਬੰਧਨ 'ਚ ਬੱਝ ਗਈ। ਇਸ ਦੋਗਾਣਾ ਜੋੜੀ ਨੇ ਬਹੁਤ ਸਾਰੇ ਐਲਬਮ ਰਿਲੀਜ਼ ਕੀਤੇ। ਜਿਸ 'ਚ ਗੋਰਾ ਰੰਗ ਦੇਈ ਨਾ ਰੱਬਾ ਦਾ ਨਾਂ ਖ਼ਾਸ ਹੈ। ਇਸ ਤੋਂ ਇਲਾਵਾ ਗੀਤ 'ਹੱਸਦੀ ਦੇ ਫੁੱਲ ਕਿਰਦੇ' , ‘ਤੇਰਾ ਲਿਖ ਦੂੰ ਸਫੈਦਿਆਂ ’ਤੇ ਨਾਂ’ ਨੂੰ ਵੀ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ।

PunjabKesari

ਅਮਰ ਨੂਰੀ ਨੇ ਦਿੱਤਾ ਬੇਤਹਾਸ਼ਾ ਮੁਹੱਬਤ ਦਾ ਸਬੂਤ
ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਗਾਇਕ ਸਰਦੂਲ ਸਿਕੰਦਰ ਦੀ ਤਬੀਅਤ ਨਾਸਾਜ਼ ਸੀ। ਜਿਸਦੇ ਚਲਦਿਆਂ ਉਨ੍ਹਾਂ  ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਅਤੇ ਉਹਨਾਂ ਦੀ ਸ਼ਰੀਕ-ਏ-ਹਯਾਤ ਅਮਰ ਨੂਰੀ ਨੇ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਨਾਂ ਸਿਰਫ਼ ਜਾਨ ਬਚਾਈ ਸਗੋਂ ਆਪਣੀ ਬੇਤਹਾਸ਼ਾ ਮੁਹੱਬਤ ਦਾ ਸਬੂਤ ਵੀ ਦਿੱਤਾ ਪਰ ਰੱਬ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਕੋਰੋਨਾ ਜਿਹੀ ਨਾਮੁਰਾਦ ਬੀਮਾਰੀ ਦੀ ਚਪੇਟ 'ਚ ਆਉਣ ਕਾਰਨ ਸਰਦੂਲ ਸਿਕੰਦਰ ਅੱਜ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਪੰਜਾਬੀ ਸੰਗੀਤ ਜਗਤ 'ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਅਦਾਰਾ ਜਗਬਾਣੀ ਵੀ ਸਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ। 


Anuradha

Content Editor Anuradha