ਪੁਲਸ ਨੇ ਸੁਲਝਾਈ ਸਨਪ੍ਰੀਤ ਮਾਂਗਟ ਦੇ ਅੰਨ੍ਹੇ ਕਤਲ ਦੀ ਗੁੱਥੀ, 6 ਗ੍ਰਿਫਤਾਰ

Saturday, May 23, 2020 - 05:00 PM (IST)

ਨਵਾਂਸ਼ਹਿਰ (ਤ੍ਰਿਪਾਠੀ, ਜੋਬਨਪ੍ਰੀਤ, ਮਨੋਰੰਜਨ)— ਇਥੋਂ ਦੇ ਰਾਹੋਂ ਦੇ ਰਹਿਣ ਵਾਲੇ ਪੱਤਰਕਾਰ ਸਨਪ੍ਰੀਤ ਮਾਂਗਟ ਦੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਅੱਜ ਪੁਲਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜ਼ਿਲ੍ਹਾ ਪੁਲਸ ਲਈ ਚੁਣੌਤੀ ਬਣੇ ਚਰਚਿਤ ਪੱਤਰਕਾਰ ਸਨਪ੍ਰੀਤ ਮਾਂਗਟ ਦੇ ਕਤਲ ਦੀ ਵਾਰਦਾਤ ਨੂੰ ਸੁਲਝਾ ਕੇ ਪੁਲਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਵਾਰਦਾਤ 'ਚ ਵਰਤੀ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਪਰੋਕਤ ਮਾਮਲੇ ਦੀ ਜਾਂਚ ਐੱਸ. ਪੀ.(ਐੱਚ) ਅਤੇ ਡੀ. ਐੱਸ. ਪੀ. (ਐੱਚ) ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਨੂੰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਦੀ ਬਾਰੀਕੀ ਨਾਲ ਕੀਤੀ ਗਈ ਜਾਂਚ ਉਪਰੰਤ ਕਤਲ ਦੇ ਮੁੱਖ ਦੋਸ਼ੀ ਜਗਦੀਪ ਸਿੰਘ ਉਰਫ ਬੱਬੂ ਬਾਜਵਾ, ਬਖਸ਼ੀਸ਼ ਸਿੰਘ ਉਰਫ ਬੱਬੀ, ਜਤਿਨ ਕੁਮਾਰ ਉਰਫ ਜਿੰਨੀ ਵਾਸੀ ਰਾਹੋਂ ਅਤੇ ਹਰਜਿੰਦਰ ਸਿੰਘ ਉਰਫ ਭੁੱਟਾ ਅਤੇ ਕਮਲਜੀਤ ਵਾਸੀ ਗੜ੍ਹਪਧਾਨਾ ਨੂੰ ਗ੍ਰਿਫਤਾਰ ਕੀਤਾ ਹੈ।

ਲੁੱਟ ਦੀ ਨੀਅਤ ਨਾਲ ਕੀਤਾ ਸੀ ਕਤਲ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ 'ਚ ਉਕਤ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਸੀ। ਮੁਲਜ਼ਮਾਂ ਨੇ ਦੱਸਿਆ ਕਿ ਬੀਤੀ 10 ਮਈ ਦੀ ਦੇਰ ਰਾਤ ਉਹ ਲੁੱਟਖੋਹ ਦੀ ਨੀਅਤ ਨਾਲ 2 ਮੋਟਰਸਾਈਕਲਾਂ 'ਤੇ ਨਸ਼ੇ ਦਾ ਸੇਵਨ ਕਰਕੇ ਗਏ ਸਨ ਕਿ ਰਸਤੇ 'ਚ ਉਪਰੋਕਤ ਸਨਪ੍ਰੀਤ ਮਾਂਗਟ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ। ਲੁਟੇਰਿਆਂ ਨੇ ਦੱਸਿਆ ਕਿ ਉਨ੍ਹਾਂ ਉਪਰੋਕਤ ਨੌਜਵਾਨ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਸ ਨੂੰ ਘੇਰ ਲਿਆ ਅਤੇ ਇਸ ਦੌਰਾਨ ਉਨ੍ਹਾਂ ਦੀ ਮਾਂਗਟ ਨਾਲ ਤਕਰਾਰ ਵੀ ਹੋਈ, ਜਿਸ ਦੇ ਚਲਦੇ ਉਨ੍ਹਾਂ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਦੇ ਪਰਸ 'ਚੋਂ 15 ਹਜ਼ਾਰ ਰੁਪਏ, ਚਾਂਦੀ ਦੀ ਚੇਨ ਅਤੇ ਪਰਸ ਲੈ ਕੇ ਫਰਾਰ ਹੋ ਗਏ।

PunjabKesari

ਪੁਲਸ ਨੇ ਦਰਜ ਕੀਤਾ ਸੀ ਪਹਿਲਾਂ ਸੜਕ ਹਾਦਸੇ ਦਾ ਮਾਮਲਾ
ਇਥੇ ਜ਼ਿਕਰਯੋਗ ਹੈ ਕਿ ਥਾਣਾ ਰਾਹੋਂ ਦੀ ਪੁਲਸ ਨੇ ਬੀਤੀ 10 ਮਈ ਦੇ ਰਾਤ ਕਰੀਬ 9-10 ਵਜੇ ਵਾਪਰੇ ਇਸ ਮਾਮਲੇ ਨੂੰ ਸੜਕ ਹਾਦਸੇ ਦੇ ਤੌਰ 'ਤੇ ਲੈ ਕੇ ਪਹਿਲਾਂ ਅਣਪਛਾਤੇ ਚਾਲਕ ਖਿਲਾਫ ਧਾਰਾ 279,304-ਏ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਮੌਕੇ ਦੀ ਫੋਟੋ ਦੇ ਬਾਹਰ ਆਉਣ ਅਤੇ ਸ਼ੱਕੀ ਹਾਲਾਤ ਦੇ ਚਲਦੇ ਮ੍ਰਿਤਕ ਦੇ ਪਿਤਾ ਬਲਵੰਤ ਸਿੰਘ ਵੱਲੋਂ ਹੱਤਿਆ ਦਾ ਖਦਸਾ ਜ਼ਾਹਰ ਕਰਨ ਅਤੇ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ ਆਉਣ 'ਤੇ ਪੁਲਸ ਨੇ ਪਹਿਲਾ ਦਰਜ ਮਾਮਲੇ ਵਿੱਚ ਵਾਧਾ ਕਰਦੇ ਹੋਏ ਇਸ ਨੂੰ 302 'ਚ ਤਬਦੀਲ ਕਰਕੇ ਨਵੇਂ ਸਿਰੇ ਤੋਂ ਪੁਲਸ ਜਾਂਚ ਸ਼ੁਰੂ ਕੀਤੀ ਸੀ।

ਗ੍ਰਿਫਤਾਰ ਮੁਲਜ਼ਮ ਅੱਧੀ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਦੇ ਚੁੱਕੇ ਨੇ ਅੰਜਾਮ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਜਿਨ੍ਹਾਂ ਦੀ ਉਮਰ 18 ਤੋਂ 24 ਸਾਲ ਹੈ, ਨੇ ਮੁੱਢਲੀ ਜਾਂਚ 'ਚ ਦੱਸਿਆ ਕਿ ਉਹ ਅਜੇ ਤਕ ਜਲੰਧਰ-ਨਵਾਂਸ਼ਹਿਰ ਅਤੇ ਮਾਛੀਵਾੜਾ ਖੇਤਰ 'ਚ ਕਰੀਬ ਅੱਧੀ ਦਰਜਨ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਪਰੋਕਤ ਲੁੱਟੇ ਦੇ ਮਾਮਲਿਆਂ 'ਚ ਅਜੇ ਤਕ ਲੁਟੇਰਿਆਂ ਖਿਲਾਫ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਹੋਇਆ ਹੈ, ਜਿਸ ਦਾ ਕਾਰਨ ਉਪਰੋਕਤ ਲੁਟੇਰਿਆਂ ਦੇ ਦੱਸਿਆ ਕਿ ਉਹ ਸਿਰਫ ਤੇਜ਼ਧਾਰ ਹਥਿਆਰ ਦੀ ਨੌਕ 'ਤੇ ਲੁੱਟ ਨੂੰ ਅੰਜਾਮ ਦਿੰਦੇ ਸਨ ਪਰ ਉਪਰੋਕਤ ਸਨਪ੍ਰੀਤ ਦੇ ਮਾਮਲੇ 'ਚ ਤਕਰਾਰ ਹੋਣ ਦੇ ਚਲਦੇ ਹੀ ਉਨ੍ਹਾਂ ਨੇ ਉਸ ਦੀ ਹੱਤਿਆ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਖਿਲਾਫ ਐੱਨ. ਡੀ. ਪੀ. ਐੱਸ. ਦੇ ਤਹਿਤ ਮਾਮਲੇ ਦਰਜ ਸਨ। ਐੱਸ. ਐੱਸ. ਪੀ. ਨੇ ਦੱਸਆ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ ਹੱਤਿਆ 'ਚ ਵਰਤੇ 2 ਮੋਟਰਸਾਈਕਲ ਅਤੇ ਤੇਜ਼ਧਾਰ ਹੱਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕਥਿਤ ਮੁਲਜ਼ਮਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।


shivani attri

Content Editor

Related News