ਜੋਸ਼ੀ ਤੇ ਮੇਅਰ ਅਰੋੜਾ ''ਤੇ ਲੱਗੇ ਗੰਭੀਰ ਦੋਸ਼

Wednesday, Jun 21, 2017 - 06:38 AM (IST)

ਅੰਮ੍ਰਿਤਸਰ,   (ਬਿਊਰੋ)-  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦਿਨੇਸ਼ ਬੱਸੀ ਨੇ ਭਗਤਾਂਵਾਲਾ ਡੰਪ ਜ਼ਮੀਨ ਖਰੀਦ ਦੇ ਮਾਮਲੇ 'ਚ ਜਿਥੇ ਮੇਅਰ ਬਖਸ਼ੀ ਰਾਮ ਅਰੋੜਾ 'ਤੇ ਗੰਭੀਰ ਦੋਸ਼ ਲਾਏ ਹਨ, ਉਥੇ ਉਨ੍ਹਾਂ ਨੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੂੰ ਵੀ ਘੇਰੇ 'ਚ ਲੈਂਦਿਆਂ ਕਿਹਾ ਹੈ ਕਿ ਜੋਸ਼ੀ ਵੱਲੋਂ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੇ ਕੀਤੇ ਗਏ ਆਰਡਰ ਸਿਰਫ ਆਪਣੀ ਚਮੜੀ ਬਚਾਉਣ ਲਈ ਸੀ। ਉਨ੍ਹਾਂ ਕਿਹਾ ਕਿ ਹੁਣ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਈਮਾਨਦਾਰੀ ਦੀ ਇਕ ਮੂਰਤ ਹਨ, ਜੋ ਜਲਦ ਹੀ ਇਸ ਸਾਰੇ ਮਾਮਲੇ 'ਚ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਜਾ ਰਹੇ ਹਨ।  ਬੱਸੀ ਨੇ ਦੱਸਿਆ ਕਿ ਇਸ ਸਬੰਧੀ ਸਾਰਾ ਮਾਮਲਾ ਸ. ਸਿੱਧੂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਅਤੇ ਕੱਲ ਉਹ ਸਾਰੇ ਦਸਤਾਵੇਜ਼ਾਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲਣ ਜਾ ਰਹੇ ਹਨ। ਉਨ੍ਹਾਂ ਨੇ ਅਨਿਲ ਜੋਸ਼ੀ ਨੂੰ ਕਿਹਾ ਕਿ ਉਹ ਆਪਣੀ ਸਥਿਤੀ ਸਪੱਸ਼ਟ ਕਰੇ ਕਿ ਉਸ ਨੇ ਕਰੋੜਾਂ ਰੁਪਏ ਦੇ ਜ਼ਮੀਨ ਖਰੀਦ ਮਾਮਲੇ 'ਚ ਕੀਤੇ ਗਏ ਘੋਟਾਲੇ ਦੀ ਜਾਂਚ ਕਰਵਾਉਣ ਦੇ ਹੁਕਮਾਂ ਤੋਂ ਬਾਅਦ ਉਸ 'ਤੇ ਅਗਲੀ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਅਜੇ ਤੱਕ ਇਸ ਨੂੰ ਠੰਡੇ ਬਸਤੇ ਵਿਚ ਕਿਉਂ ਰੱਖਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਪੂਰੀ ਤਰ੍ਹਾਂ ਖੁੱਲ੍ਹਣ ਜਾ ਰਿਹਾ ਹੈ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਮੇਅਰ ਬਖਸ਼ੀ ਰਾਮ ਅਰੋੜਾ ਸਮੇਤ 11 ਮੈਂਬਰੀ ਕਮੇਟੀ ਦੀ ਪੁੱਛ-ਪੜਤਾਲ ਹੋਣੀ ਚਾਹੀਦੀ ਹੈ। ਜੋਸ਼ੀ ਨੇ 15 ਦਸੰਬਰ 2016 ਨੂੰ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਪ੍ਰਮੁੱਖ ਸਕੱਤਰ ਨੂੰ ਜਾਰੀ ਕੀਤੇ ਸਨ, ਜਿਸ 'ਤੇ ਉਨ੍ਹਾਂ ਨੇ ਰਿਟਾਇਰ ਜੱਜ ਬੀ. ਸੀ. ਗੁਪਤਾ ਨੂੰ ਪੜਤਾਲ ਕਰਨ ਲਈ ਕਿਹਾ ਸੀ। ਮੇਅਰ ਬਖਸ਼ੀ ਰਾਮ ਅਰੋੜਾ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਵੇ ਤੇ ਦੱਸੇ ਕਿ ਜ਼ਮੀਨ ਘੋਟਾਲੇ ਦੇ ਮਾਮਲੇ ਦੀ ਜਾਂਚ ਅੱਜ ਤੱਕ ਵੀ ਕਿਉਂ ਫਾਈਲਾਂ 'ਚ ਬੰਦ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰਾ ਮਾਮਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨ 'ਚ ਲਿਆ ਕੇ ਪੜਤਾਲ ਨੂੰ ਜਲਦ ਤੋਂ ਜਲਦ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਵਿੱਤੀ ਘਾਟੇ ਨੂੰ ਸਾਰੇ ਕਮੇਟੀ ਮੈਂਬਰਾਂ ਦੀ ਜੇਬ ਤੋਂ ਪੂਰਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘੋਟਾਲੇ 'ਚ ਸ਼ਾਮਿਲ ਲੋਕਾਂ ਖਿਲਾਫ ਅਪਰਾਧਿਕ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ।
ਕੀ ਹੈ ਮਾਮਲਾ? : ਬੱਸੀ ਨੇ ਦੋਸ਼ ਲਾਇਆ ਕਿ ਭਗਤਾਂਵਾਲਾ ਡੰਪ ਖਰੀਦ 'ਚ ਪ੍ਰਾਈਵੇਟ ਜ਼ਮੀਨ ਐਕਵਾਇਰ ਕਰਨ ਲਈ ਬਣਾਈ ਗਈ ਕਮੇਟੀ ਨੇ ਜ਼ਮੀਨ ਖੇਤਰ ਦੇ ਕੁਲੈਕਟਰੇਟ ਕੀਮਤ 2750 ਦੇ ਹਿਸਾਬ ਨਾਲ ਖਰੀਦ ਕਰਨੀ ਸੀ ਪਰ ਇਸ 11 ਮੈਂਬਰੀ ਕਮੇਟੀ ਨੇ ਜ਼ਮੀਨ ਮਾਲਕਾਂ ਕੋਲੋਂ ਜ਼ਮੀਨ 7 ਹਜ਼ਾਰ ਰੁਪਏ ਪ੍ਰਤੀ ਗਜ਼ ਅਤੇ 8100 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਖਰੀਦਣ ਦਾ ਫੈਸਲਾ ਕਰ ਕੇ ਨਗਰ ਨਿਗਮ ਦਾ ਕਾਫੀ ਵਿੱਤੀ ਨੁਕਸਾਨ ਕੀਤਾ ਹੈ। ਇੰਨਾ ਹੀ ਨਹੀਂ, ਕਮੇਟੀ ਮੈਂਬਰਾਂ ਨੂੰ ਖੁਦ ਇਸ ਜ਼ਮੀਨ ਦੀ ਕੀਮਤ ਫਾਈਨਲ ਕਰ ਕੇ ਉਸ ਦੇ ਮਾਲਕਾਂ ਨੂੰ 55-55 ਲੱਖ ਰੁਪਏ ਕੁਲ 1.10 ਕਰੋੜ ਰੁਪਏ ਦੇਣ ਤੋਂ ਪਹਿਲਾਂ ਕੋਈ ਮਨਜ਼ੂਰੀ ਸਰਕਾਰ ਕੋਲੋਂ ਨਹੀਂ ਲਈ, ਜਦਕਿ ਨਿਗਮ ਨੇ ਭਗਤਾਂਵਾਲਾ ਡੰਪ ਦੇ ਪੁਰਾਣੇ ਰਸਤੇ ਲਈ 1 ਹਜ਼ਾਰ ਗਜ਼ ਜ਼ਮੀਨ ਇਸਤੇਮਾਲ ਲਈ 25 ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇਣ ਦਾ ਫੈਸਲਾ ਕੀਤਾ ਸੀ। ਇਸ ਦੀ ਅਦਾਇਗੀ ਵੀ ਦਿੱਤੀ ਗਈ, ਜੋ ਕਿ ਪ੍ਰਤੀ ਕਿੱਲਾ 12 ਲੱਖ ਰੁਪਏ ਬਣਦਾ ਹੈ।  ਇਸ ਤੋਂ ਇਲਾਵਾ ਭਗਤਾਂਵਾਲਾ ਡੰਪ ਨੂੰ ਜਾਣ ਵਾਲੇ ਰਸਤੇ 'ਤੇ ਸੜਕ ਬਣਾਉਣ ਲਈ ਜ਼ਰੂਰਤ ਮੁਤਾਬਿਕ 2 ਹਜ਼ਾਰ ਵਰਗ ਗਜ਼ ਖਿਲਾਫ ਜ਼ਮੀਨ ਮਾਲਕਾਂ ਨੇ ਸਾਰੀ 7825 ਵਰਗ ਗਜ਼ ਜ਼ਮੀਨ ਦੀ ਕੀਮਤ 4 ਗੁਣਾ ਵੱਧ ਲਾਉਣ ਕਾਰਨ ਨਿਗਮ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਐੱਸ. ਆਈ. ਟੀ. ਮੁਤਾਬਿਕ ਬੇਸ਼ੱਕ ਹੁਣ ਸੌਦੇਬਾਜ਼ੀ ਰਸਤੇ ਪਹਿਲਾਂ ਫਾਈਨਲ ਕੀਤਾ ਗਿਆ। 8100 ਰੁਪਏ ਪ੍ਰਤੀ ਵਰਗ ਗਜ਼ ਕੀਮਤ ਘਟਾ ਕੇ ਅਤੇ 7000 ਰੁਪਏ ਪ੍ਰਤੀ ਵਰਗ ਗਜ਼ ਕੀਮਤ ਘੱਟ ਕਰ ਕੇ 4750 ਰੁਪਏ ਪ੍ਰਤੀ ਵਰਗ ਗਜ਼ ਕੀਤੀ ਗਈ ਹੈ। ਸਾਬਕਾ ਸਰਕਾਰ ਨੇ ਚਿੱਠੀ 'ਚ ਸਾਫ ਲਿਖਿਆ ਹੈ ਕਿ ਸਰਕਾਰ ਕੋਲੋਂ ਜ਼ਰੂਰੀ ਐਕੂਜ਼ੀਸ਼ਨ ਪ੍ਰਵਾਨਗੀ ਮੰਗਣ ਲਈ ਜਦੋਂ ਤੱਕ ਜ਼ਮੀਨ ਐਕਵਾਇਰ ਨਹੀਂ ਹੋ ਜਾਂਦੀ ਉਦੋਂ ਤੱਕ ਨਿਗਮ ਨੂੰ ਹਮਾਇਤ ਕਰਨੀ ਚਾਹੀਦੀ ਹੈ।


Related News