ਨੌਕਰੀ ਮੇਲਿਆਂ ਤੋਂ ਬਾਅਦ ਨੌਜਵਾਨਾਂ ਨੂੰ ਰੁਜ਼ਗਾਰ ਖੋਲ੍ਹਣ ''ਚ ਮਦਦ ਦੇਣ ਲਈ ਰੁਜ਼ਗਾਰ ਮੇਲੇ ਲਾਵਾਂਗੇ : ਚੰਨੀ
Thursday, Aug 24, 2017 - 10:30 AM (IST)

ਤਲਵੰਡੀ ਸਾਬੋ, (ਮੁਨੀਸ਼) - ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ 'ਚ ਪੰਜਾਬ ਸਰਕਾਰ ਦੀ ਮਦਦ ਨਾਲ ਆਯੋਜਿਤ ਕੀਤੇ ਗਏ ਵਿਸ਼ਾਲ ਨੌਕਰੀ ਮੇਲੇ 'ਚ ਅੱਜ ਤੀਜੇ ਦਿਨ ਜਿਥੇ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀਆਂ ਤੇ ਬੇਰੁਜ਼ਗਾਰਾਂ ਨੇ ਸ਼ਿਰਕਤ ਕੀਤੀ, ਉਥੇ ਅੱਜ ਦੇ ਮੁੱਖ ਸਮਾਗਮ 'ਚ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਹੁਣ ਤੱਕ ਕਰੀਬ ਪੰਜ ਹਜ਼ਾਰ ਨੌਜਵਾਨਾਂ ਨੂੰ ਨੌਕਰੀ ਮੁਹੱਈਆ ਕਰਵਾਈ ਜਾ ਚੁਕੀ ਹੈ, ਉਥੇ ਜਿਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਮੇਲਿਆਂ 'ਚ ਨੌਕਰੀ ਨਹੀਂ ਮਿਲੀ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਉਨ੍ਹਾਂ ਨੂੰ ਹੋਰ ਵੀ ਮੌਕੇ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ ਕਿ ਨੌਕਰੀ ਮੇਲਿਆਂ ਤੋਂ ਬਾਅਦ ਨੌਜਵਾਨਾਂ ਨੂੰ ਰੁਜ਼ਗਾਰ ਖੋਲ੍ਹਣ 'ਚ ਮਦਦ ਦੇਣ ਲਈ ਰੁਜ਼ਗਾਰ ਮੇਲੇ ਲਾਵਾਂਗੇ। ਯੂਨੀਵਰਸਿਟੀ ਦੇ ਚਾਂਸਲਰ ਸ. ਜੇ. ਐੱਸ. ਧਾਲੀਵਾਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਅਜਿਹੇ ਮੇਲਿਆਂ ਦਾ ਆਯੋਜਨ ਅਤਿ ਜ਼ਰੂਰੀ ਹੈ । ਯੂਨੀਵਰਸਿਟੀ ਪ੍ਰਬੰਧਕਾਂ ਨੇ ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਅਤੇ ਉਨ੍ਹਾਂ ਦੇ ਨਾਲ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ । ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਇਲਾਕੇ ਵਿਚ ਲਗਾਏ ਨੌਕਰੀ ਮੇਲੇ 'ਤੇ ਪੰਜਾਬ ਸਰਕਾਰ ਅਤੇ ਤਕਨੀਕੀ ਮੰਤਰੀ ਦਾ ਧੰਨਵਾਦ ਕੀਤਾ।
ਯੂਨੀਵਰਸਿਟੀ 'ਚ ਨੌਕਰੀ ਮੇਲੇ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਜਲਦੀ ਹੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ, ਕੈਬਨਿਟ ਮੰਤਰੀ ਨੇ ਵਿਰੋਧੀ ਪਾਰਟੀਆਂ ਵੱਲੋਂ ਨੌਕਰੀ ਮੇਲੇ 'ਤੇ ਉਠਾਏ ਜਾ ਰਹੇ ਸਵਾਲਾਂ 'ਤੇ ਕਿਹਾ ਕਿ ਕਾਲਜਾਂ 'ਚ ਲਾਏ ਜਾ ਰਹੇ ਉਕਤ ਨੌਕਰੀ ਮੇਲੇ, ਉਨ੍ਹਾਂ ਨੌਜਵਾਨਾਂ ਲਈ ਹਨ ਜੋ ਸਰਕਾਰੀ ਨੌਕਰੀ ਨਹੀਂ ਕਰਨਾ ਚਾਹੁੰਦੇ ਤੇ ਉਨ੍ਹਾਂ ਦੀ ਇੱਛਾ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰਨ ਦੀ ਹੈ । ਜੋ ਸਰਕਾਰੀ ਨੌਕਰੀਆਂ ਕਰਨੀਆਂ ਚਾਹੁੰਦੇ ਹਨ, ਉਨ੍ਹਾਂ ਲਈ ਜਲਦੀ ਸਰਕਾਰੀ ਨੌਕਰੀਆਂ ਕੱਢੀਆਂ ਜਾਣਗੀਆਂ।
ਇਸ ਮੌਕੇ ਸ. ਗੁਰਲਾਭ ਸਿੰਘ, ਸ. ਸੁਖਰਾਜ ਸਿੰਘ, ਵਾਈਸ ਚਾਂਸਲਰ ਬੀ. ਐੱਸ. ਧਾਲੀਵਾਲ, ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ, ਡਾਇਰੈਕਟਰ ਨਰਿੰਦਰ ਸਿੰਘ, ਐੱਸ. ਡੀ. ਐੱਮ. ਬਰਿੰਦਰ ਸਿੰਘ, ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ, ਥਾਣਾ ਮੁਖੀ ਮਨੋਜ ਕੁਮਾਰ, ਸੀ.ਯੂਥ ਕਾਂਗਰਸੀ ਆਗੂ ਸੰਦੀਪ ਭੁੱਲਰ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ, ਸੀ. ਆਗੂ ਮਨਜੀਤ ਲਾਲੇਆਣਾ ਤੇ ਗੁਰਤੇਜ ਕਣਕਵਾਲ, ਰਣਜੀਤ ਸੰਧੂ, ਜੋਗਿੰਦਰ ਸਿੰਘ ਜਗ੍ਹਾ ਰਾਮ ਤੀਰਥ, ਦਿਲਪ੍ਰੀਤ ਜਗ੍ਹਾ, ਜਸਕਰਨ ਗੁਰੂਸਰ, ਬਲਵੀਰ ਲਾਲੇਆਣਾ, ਅਮ੍ਰਿੰਤਪਾਲ ਕਾਕਾ, ਯੂਥ ਕਾਂਗਰਸੀ ਆਗੂ ਸੰਦੀਪ ਭੁੱਲਰ, ਮਨਜੀਤ ਲਾਲੇਆਣਾ, ਗੁਰਤੇਜ ਕਣਕਵਾਲ, ਕਾਕਾ ਸੀਮੈਂਟ ਵਾਲਾ ਆਦਿ ਹਾਜ਼ਰ ਸਨ।