ਡਾਕਾ ਮਾਰਨ ਦੀ ਤਿਆਰੀ ''ਚ ਬੈਠੇ ਨੌਜਵਾਨ ਹਥਿਆਰਾਂ ਸਮੇਤ ਕਾਬੂ
Monday, Oct 28, 2019 - 12:25 PM (IST)
ਝਬਾਲ/ਤਰਨਤਾਰਨ (ਨਰਿੰਦਰ,ਰਾਜੂ) : ਅਪਰਬਾਰੀ ਦੁਆਬਾ ਨਹਿਰ ਦੋਦੇ ਛਾਪੇ ਵਿਖੇ ਨਹਿਰ ਕਿਨਾਰੇ ਉੱਗੇ ਸੰਘਣੇ ਦਰੱਖਤਾਂ 'ਚ ਡਾਕਾ ਮਾਰਨ ਦੀ ਤਿਆਰੀ ਕਰ ਰਹੇ 9/10 ਹਥਿਆਰਾਂ ਨਾਲ ਲੈਸ ਨੌਜਵਾਨਾਂ ਨੂੰ ਪੁਲਸ ਵਲੋਂ ਮੌਕੇ 'ਤੇ ਕਾਰਵਾਈ ਕਰਕੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਿਸ ਨਾਲ ਇਲਾਕੇ 'ਚ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਮੁਲਾਜ਼ਮ ਐੱਸ. ਆਈ. ਸਮੇਤ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਪ੍ਰ੍ਰਵੀਨ ਕੁਮਾਰ ਸਮੇਤ ਪੁਲਸ ਪਾਰਟੀ ਝਬਾਲ ਸਾਈਡ ਨੂੰ ਗਸ਼ਤ 'ਤੇ ਆ ਰਹੇ ਸਨ ਕਿ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਦੇ ਨਹਿਰ 'ਤੇ ਛਾਪੇ ਲਾਗੇ ਉੱਗੇ ਰੁੱਖਾਂ 'ਚ ਕੁਝ ਨੌਜਵਾਨ ਜਿਹੜੇ ਹਥਿਆਰਾਂ ਸਮੇਤ ਬੈਠੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਇਸੇ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਮੌਕੇ 'ਤੇ ਛਾਪਾ ਮਾਰਿਆ ਤੇ ਉੱਥੇ ਬੈਠੇ ਨੌਜਵਾਨਾਂ 'ਚ ਜਰਨੈਲ ਸਿੰਘ ਪੁੱਤਰ ਭੁਪਿੰਦਰ ਸਿੰਘ, ਜਿਸ ਕੋਲੋਂ ਇਕ ਦੋਨਾਲੀ ਰਾਈਫ਼ਲ, ਦੂਸਰੇ ਨੌਜਵਾਨ ਦਾ ਨਾਮ ਸਿਕੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਗੱਗੋਬੂਹਾ ਜਿਸ ਕੋਲੋਂ ਇਕ 12 ਬੋਰ ਰਾਈਫਲ ਅਤੇ ਤੀਸਰਾ ਨੌਜਵਾਨ ਗੁਰਨੇਕ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸੋਹਲ, ਜਿਸ ਕੋਲੋਂ ਇਕ 12 ਬੋਰ ਪਿਸਤੌਲ ਕੱਟਾ ਤੇ ਰੌਂਦ, ਚੌਥਾ ਨੌਜਵਾਨ ਚਮਕੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੱਗੋਬੂਹਾ ਕੋਲੋਂ ਮੋਟਰਸਾਈਕਲ ਬਿਨਾਂ ਨੰਬਰ ਹੀਰੋਹਾਂਡਾ, ਜਿਸ ਕੋਲ ਇਕ ਕਿਰਪਾਨ ਸੀ, 5ਵੇਂ ਨੌਜਵਾਨ ਰਾਜਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਬੁਰਜ ਕੋਲੋਂ ਦਾਤਰ ਸਮੇਤ ਕਾਬੂ ਕੀਤਾ, ਜਦੋਂ ਕਿ 4/5 ਨੌਜਵਾਨ ਹਥਿਆਰਾਂ ਸਮੇਤ ਦੌੜਨ 'ਚ ਸਫਲ ਹੋ ਗਏ।
ਫੜੇ ਗਏ ਨੌਜਵਾਨਾਂ ਨੇ ਮੰਨਿਆ ਕਿ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ ਅਤੇ ਹੋਰ ਵੀ ਕਈ ਵਾਰਦਾਤਾਂ ਜਿਨ੍ਹਾਂ ਨੂੰ ਉਨ੍ਹਾਂ ਨੇ ਅੰਜਾਮ ਦਿੱਤਾ ਹੈ, ਬਾਰੇ ਸਵੀਕਾਰ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜੇਕਰ ਪੁਲਸ ਮੌਕੇ 'ਤੇ ਕਾਰਵਾਈ ਨਾ ਕਰਦੀ ਤਾਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ। ਇਨ੍ਹਾਂ ਫੜੇ ਗਏ ਨੌਜਵਾਨਾਂ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਉਕਤ ਨੌਜਵਾਨਾਂ ਤੋਂ ਇਲਾਵਾ ਜਗਜੀਤ ਸਿੰਘ ਵਾਸੀ ਪੱਧਰੀ, ਯਾਦਾ ਵਾਸੀ ਗੱਗੋਬੂਹਾ, ਰਾਜਵਿੰਦਰ ਸਿੰਘ ਬੁਰਜ, ਗੁਰਸਾਹਿਬ ਸਿੰਘ ਭੋਜੀਆਂ, ਕਾਲੂ ਜੀਓਬਾਲਾ, ਲਵਪ੍ਰੀਤ ਸਿੰਘ ਜੀਓਬਾਲਾ, ਗੁਰਚੇਤ ਸਿੰਘ ਭੂਰੀ, ਸੋਨੂੰ ਵਾਸੀ ਸੇਖ, ਮੋਨੂੰ ਵਾਸੀ ਸੇਖ, ਜਸਪਾਲ ਸਿੰਘ ਵਾਸੀ ਭੋਜੀਆਂ, ਸੰਧੂ ਵਾਸੀ ਭੋਜੀਆਂ ਖਿਲਾਫ਼ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।