ਦਿਨ-ਦਿਹਾੜੇ ਲੁਟੇਰੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਨਕਦੀ ਲੁੱਟ ਕੇ ਹੋਏ ਫਰਾਰ
Monday, Jun 24, 2019 - 04:38 PM (IST)

ਝਬਾਲ (ਨਰਿੰਦਰ, ਲਾਲੂਘੁੰਮਣ) : ਝਬਾਲ-ਭਿੱਖੀਵਿੰਡ ਰੋਡ 'ਤੇ ਸਥਿਤ ਪਿੰਡ ਭੁੱਜੜਾ ਵਾਲਾ ਨੇੜਿਓਂ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਦਿਨ-ਦਿਹਾੜੇ ਹਵਾਈ ਫਾਇਰ ਕਰਕੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ 7 ਲੱਖ, 23 ਹਜ਼ਾਰ, 400 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਮੋੜ ਪੰਜਵੜ ਦੇ ਨਜ਼ਦੀਕ ਬਣੇ ਇਕ ਪੈਟਰੋਲ ਪੰਪ ਦੇ ਦੋ ਕਰਿੰਦੇ ਗੁਰਪ੍ਰੀਤ ਸਿੰਘ ਅਤੇ ਸੰਜੂ ਕੁਮਾਰ ਮੋਟਰਸਾਈਕਲ 'ਤੇ 7 ਲੱਖ, 23 ਹਜ਼ਾਰ, 400 ਰੁਪਏ ਬੈਂਕ 'ਚ ਜਮ੍ਹਾ ਕਰਾਉਣ ਲਈ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਮੋੜ ਭੁੱਜੜਾ ਵਾਲੇ ਦੇ ਨੇੜੇ ਪੁੱਜੇ ਤਾਂ ਪਿੱਛੋਂ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਉਹ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।