ਮਾਮਲਾ ਜ਼ਮੀਨੀ ਵਿਵਾਦ ਦਾ, ਰਸਤੇ ''ਚ ਰੋਕ ਕੇ ਮਾਰੀਆਂ ਗੋਲੀਆਂ, 1 ਜ਼ਖ਼ਮੀ
Tuesday, Jul 23, 2019 - 12:01 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ) - ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਕਸੇਲ ਨੇੜੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕਾਰ ਸਵਾਰਾਂ ਵਲੋਂ ਰਸਤੇ 'ਚ ਰੋਕ ਕੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ 'ਚ ਇਕ ਬਾਈਕ ਸਵਾਰ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਸਥਾਨਿਕ ਸਰਕਾਰੀ ਹਸਪਤਾਲ ਕਸੇਲ ਵਿਖੇ ਇਲਾਜ਼ ਲਈ ਦਾਖ਼ਲ ਕਰਾ ਕੇ 5 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਸਰਕਾਰੀ ਹਸਪਤਾਲ ਕਸੇਲ ਵਿਖੇ ਜੇਰੇ ਇਲਾਜ਼ ਗੁਰਮੇਜ ਸਿੰਘ ਉਰਫ ਗੇਜ਼ਾ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੇ ਚਾਚੇ ਦਾ ਲੜਕਾ ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ ਸ਼ਾਮ ਨੂੰ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕਿ ਪਿੰਡ ਹਰਬੰਸਪੁਰਾ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ।
ਪਿੰਡ ਕਸੇਲ ਦੇ ਸ਼ਮਸ਼ਾਨਘਾਟ ਨੇੜੇ ਮੇਨ ਸੜਕ 'ਤੇ ਉਨ੍ਹਾਂ ਦੀ ਬਾਈਕ ਦੇ ਅੱਗੇ ਇਕ ਚਿੱਟੇ ਰੰਗ ਦੀ ਗੱਡੀ ਆ ਰੁੱਕੀ, ਜਿਸ 'ਚੋਂ ਨਿਕਲੇ ਸੋਨਾ ਸਿੰਘ ਪੁੱਤਰ ਬਲਬੀਰ ਸਿੰਘ, ਸਹੁਰਾ ਪ੍ਰਗਟ ਸਿੰਘ ਅਤੇ ਮਾਮਾ ਅੰਗਰੇਜ਼ ਸਿੰਘ ਨੇ ਉਨ੍ਹਾਂ ਨਾਲ ਐੱਸ.ਡੀ.ਐੱਮ. ਤਰਨਤਾਰਨ ਦੀ ਅਦਾਲਤ 'ਚ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਤਕਰਾਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਤਕਰਾਰਬਾਜ਼ੀ ਤੋਂ ਗੱਲ ਹੱਥੋਪਾਈ ਤੱਕ ਪੁੱਜ ਜਾਣ 'ਤੇ ਸੋਨਾ ਨੇ ਆਪਣੀ ਗੱਡੀ ਚੋਂ ਲਾਇਸੰਸੀ ਰਾਇਫਲ ਕੱਢ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਗੁਰਮੇਜ਼ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸਦੇ ਚਾਚੇ ਦਾ ਲੜਕਾ ਗੁਰਲਾਲ ਮੌਕੇ ਤੋਂ ਬਚ ਨਿਕਲਿਆ ਪਰ ਇਕ ਗੋਲੀ ਉਸ ਦੀ ਸੱਜੀ ਲੱਤ 'ਚ ਜਾ ਵੱਜੀ ਤੇ ਗੋਲੀਆਂ ਦੇ ਸ਼ਰੇ ਉਸ ਦੀ ਛਾਤੀ 'ਚ ਵੱਜ ਗਏ। ਗੁਰਮੇਜ਼ ਸਿੰਘ ਨੇ ਉਨ੍ਹਾਂ 'ਤੇ ਉਕਤ ਲੋਕਾਂ ਵਲੋਂ ਕੀਤੇ ਗਏ ਹਮਲੇ ਸਬੰਧੀ
ਅੱਧਾ ਏਕੜ ਜ਼ਮੀਨ ਦੇ ਐੱਸ.ਡੀ.ਐੱਮ. ਤਰਨਤਾਰਨ ਦੀ ਅਦਾਲਤ 'ਚ ਚੱਲ ਰਹੇ ਵਿਵਾਦ ਬਾਰੇ ਦੱਸਦਿਆਂ ਕਿਹਾ ਕਿ ਉਕਤ ਜ਼ਮੀਨ ਸਬੰਧੀ ਫੈਸਲਾ ਉਨ੍ਹਾਂ ਦੇ ਹੱਕ 'ਚ ਹੋ ਚੁੱਕਾ ਹੈ, ਜਿਸ ਕਰਕੇ ਉਕਤ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਗੱਡੀ 'ਚ ਉਕਤ ਲੋਕਾਂ ਸਮੇਤ 5 ਲੋਕ ਸਵਾਰ ਸਨ, ਜਿੰਨ੍ਹਾਂ 'ਚੋਂ 2 ਲੋਕ ਜੋ ਗੱਡੀ 'ਚੋਂ ਬਾਹਰ ਨਹੀਂ ਨਿਕਲੇ, ਉਨ੍ਹਾਂ ਨੂੰ ਉਹ ਨਹੀਂ ਜਾਣਦੇ ਹਨ। ਉਕਤ ਲੋਕ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਧਮਕੀਆਂ ਦਿੰਦੇ ਹੋਏ ਗੱਡੀ 'ਚ ਸਵਾਰ ਹੋ ਕੇ ਫਰਾਰ ਹੋ ਗਏ।
ਕੇਸ ਦਰਜ ਕਰਕੇ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ
ਥਾਣਾ ਸਾਏ ਅਮਾਨਤ ਖਾਂ ਦੇ ਮੁੱਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਗੁਰਮੇਜ਼ ਸਿੰਘ ਨੂੰ ਸਰਕਾਰੀ ਹਸਪਤਾਲ ਕਸੇਲ ਵਿਖੇ ਦਾਖਲ ਕਰਾਇਆ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਮੁਦੱਈ ਗੁਰਮੇਜ਼ ਸਿੰਘ ਦੇ ਬਿਆਨਾਂ 'ਤੇ ਸੋਨਾ ਸਿੰਘ ਪੁੱਤਰ ਬਲਬੀਰ ਸਿੰਘ, ਪ੍ਰਗਟ ਸਿੰਘ ਅਤੇ ਅੰਗਰੇਜ਼ ਸਿੰਘ ਸਮੇਤ 2 ਹੋਰ ਅਣਪਛਾਤੇ ਲੋਕਾਂ ਵਿਰੁੱਧ ਮੁਕਦਮਾਂ ਨੰਬਰ 45 ਭ.ਦ.ਸ. ਦੀ ਧਾਰਾ 307, 341, 148,149, 43 ਆਈ.ਪੀ.ਸੀ. ਅਤੇ ਅਸਲਾ ਐੱਕਟ 25,27,54,59 ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।