ਪਤਾ ਨਹੀਂ ਕਦੋਂ ਦੂਰ ਹੋਣਗੀਆਂ ਜੈੱਟ ਏਅਰਵੇਜ਼ ਦੇ ਯਾਤਰੀਆਂ ਦੀਆਂ ਮੁਸੀਬਤਾਂ?

04/19/2019 4:27:04 PM

ਜਲੰਧਰ (ਸਲਵਾਨ) : ਜੈੱਟ ਏਅਰਵੇਜ਼ ਯਾਤਰੀਆਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਹਰ ਰੋਜ਼ ਯਾਤਰੀਆਂ ਦੀਆਂ ਮੁਸੀਬਤਾਂ ਘੱਟ ਹੋਣ ਦੀ ਜਗ੍ਹਾ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਉਸ ਸਮੇਂ ਸਥਿਤੀ ਨੇ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਪੂਰੇ ਦੇਸ਼ 'ਚ ਕਈ ਜਗ੍ਹਾ ਜੈੱਟ ਏਅਰਵੇਜ਼ ਦੇ ਦਫਤਰ ਸਵੇਰ ਤੋਂ ਖੁੱਲ੍ਹੇ ਹੀ ਨਹੀਂ। ਆਪਣੀਆਂ-ਆਪਣੀਆਂ ਟਿਕਟਾਂ ਦਾ ਰੀਫੰਡ ਲੈਣ ਜਾਂ ਨਵੀਂ ਫਲਾਈਟ 'ਚ ਟਿਕਟ ਬੁੱਕ ਕਰਵਾਉਣ ਪਹੁੰਚੇ ਯਾਤਰੀਆਂ ਦੇ ਹੱਥ ਸਿਰਫ ਨਿਰਾਸ਼ਾ ਲੱਗੀ ਹੈ। ਯਾਤਰੀਆਂ ਨੇ ਜੈੱਟ ਏਅਰਵੇਜ਼ ਦੇ ਬਾਹਰ ਖੂਬ ਰੋਸ ਪ੍ਰਦਰਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੈੱਟ ਏਅਰਵੇਜ਼ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਆਮ ਯਾਤਰੀਆਂ ਨੂੰ ਮਹਿੰਗੀ ਕੀਮਤ 'ਤੇ ਟਿਕਟਾਂ ਖਰੀਦਣੀਆਂ ਪੈ ਰਹੀਆਂ ਹਨ। ਲਗਭਗ ਸਾਰੇ ਸੈਕਟਰਾਂ ਵਿਚ ਏਅਰ ਟਿਕਟ ਦੀ ਕੀਮਤ ਆਸਮਾਨ ਨੂੰ ਛੂਹਣ ਲੱਗੀ ਸੀ। ਖਾਸ ਤੌਰ 'ਤੇ ਅਮਰੀਕਾ, ਯੂ. ਕੇ., ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਪਹਿਲਾਂ ਨਾਲੋਂ ਦੁੱਗਣੀ ਕੀਮਤ 'ਤੇ ਟਿਕਟ ਖਰੀਦਣੀ ਪੈ ਰਹੀ ਹੈ, ਹਾਲਾਂਕਿ   ਬੁੱਧਵਾਰ ਤੱਕ ਜੈੱਟ ਏਅਰਵੇਜ਼ ਦੇ ਸਾਰੇ ਦਫਤਰ ਆਮ ਦਿਨਾਂ ਦੀ ਤਰ੍ਹਾਂ ਰੁਟੀਨ ਨਾਲ ਕੰਮ ਕਰ ਰਹੇ ਸਨ ਪਰ ਵੀਰਵਾਰ ਨੂੰ ਕੁਝ ਦਫਤਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਬੰਦ ਰਹੇ। ਜਲੰਧਰ ਬੀ. ਐੱਮ. ਸੀ. ਚੌਕ ਕੋਲ ਸਥਿਤ ਜੈੱਟ ਏਅਰਵੇਜ਼ ਦਾ ਦਫਤਰ ਵੀਰਵਾਰ ਨੂੰ ਬੰਦ ਰਿਹਾ। ਇਥੇ ਸੈਂਕੜੇ ਦੀ ਗਿਣਤੀ 'ਚ ਯਾਤਰੀਆਂ ਨੇ ਏਅਰਲਾਈਨਜ਼ ਦੇ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਖੂਬ ਰੋਸ ਪ੍ਰਦਰਸ਼ਨ ਕੀਤਾ। ਜੈੱਟ ਏਅਰਵੇਜ਼ ਸਬੰਧੀ ਕੋਈ ਵੀ ਟ੍ਰੈਵਲ ਏਜੰਟ ਸਪੱਸ਼ਟ ਤੌਰ 'ਤੇ ਕੁਝ ਦੱਸਣ ਦੀ ਸਥਿਤੀ ਵਿਚ ਨਜ਼ਰ ਨਹੀਂ ਆ ਰਿਹਾ ਸੀ।

ਦੱਬੀ ਜ਼ੁਬਾਨ 'ਚ ਲੋਕਾਂ ਦਾ ਕਹਿਣਾ ਸੀ ਕਿ ਜੈੱਟ ਏਅਰਵੇਜ਼ ਦਾ ਉਹੀ ਹਾਲ ਹੋਣ ਵਾਲਾ ਹੈ ਜੋ ਕੁਝ ਸਮਾਂ ਪਹਿਲਾਂ ਕਿੰਗਫਿਸ਼ਰ ਏਅਰਲਾਈਨ ਦਾ ਹੋਇਆ ਸੀ। ਇਥੋਂ ਤੱਕ ਕਿ ਜੈੱਟ ਏਅਰਵੇਜ਼ ਦਾ ਨਾਂ ਟਿਕਟਿੰਗ ਲਈ ਇਸਤੇਮਾਲ ਹੋਣ ਵਾਲੇ ਵੱਖ-ਵੱਖ ਪਲੇਟਫਾਰਮਾਂ ਤੋਂ ਗਾਇਬ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੌਲੀ-ਹੌਲੀ ਜੈੱਟ ਏਅਰਵੇਜ਼ ਦੀਵਾਲੀਆ ਹੋਣ ਦੇ ਕੰਢੇ 'ਤੇ ਪਹੁੰਚ ਗਈ ਹੈ, ਜਿਸ ਕਾਰਨ ਯਾਤਰੀਆਂ ਦੇ ਲੱਖਾਂ-ਕਰੋੜਾਂ ਰੁਪਏ ਰੱਦੀ ਦੇ ਸਾਮਾਨ ਬਣ ਸਕਦੇ ਹਨ।
 


Anuradha

Content Editor

Related News